ਵਹਿਸ਼ੀ ਜ਼ੁਲਮਾਂ ਦੇ ਜ਼ਿੰਮੇਵਾਰ ਗ੍ਰਹਿ ਮੰਤਰੀ ਤੁਰੰਤ ਦੇਣ ਅਸਤੀਫ਼ਾ : ਜਥੇਬੰਦੀ ਵਹਿਸ਼ੀ ਜ਼ੁਲਮਾਂ ਦੇ ਮੁੱਖ ਜਿੰਮੇਵਾਰ ਗ੍ਰਹਿ ਮੰਤਰੀ ਫੌਰੀ ਅਸਤੀਫ਼ਾ ਦੇਣ-ਜਥੇਬੰਦੀ
Publish Date: Tue, 11 Aug 2026 10:23 PM (IST)
Updated Date: Wed, 12 Aug 2026 04:09 AM (IST)
16 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਦਸਮੇਸ਼ ਕਿਸਾਨ -ਮਜਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਨਿਰਭੈ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ ਅਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਵਿਚਾਰ ਅਧੀਨ ਮੁੱਦਿਆਂ ਬਾਰੇ ਠੋਸ ਤੇ ਨਿੱਗਰ ਵਿਚਾਰ ਅਤੇ ਕੀਮਤੀ ਸੁਝਾਅ ਪੇਸ਼ ਕੀਤੇ। ਮੀਟਿੰਗ ਦੌਰਾਨ ਜੱਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਕਿ ਦਿੱਲੀ ਸਮੇਤ ਦੇਸ਼ ਪੱਧਰੀ ਹੱਕੀ ਵਿਦਿਆਰਥੀ ਅੰਦੋਲਨ ਦੀ ਭਖਦੀ ਮੰਗ ਮੁਤਾਬਿਕ 20 ਜੁਲਾਈ ਦੇ ਜੰਤਰ ਮੰਤਰ ਤੇ ਵਹਿਸ਼ੀ ਪੁਲਸੀ ਜਬਰ ਲਈ ਮੁੱਖ ਜ਼ਿੰਮੇਵਾਰ ਦੇਸ਼ ਦੇ ਗ੍ਰਹਿ ਮੰਤਰੀ ਫੌਰੀ ਤੌਰ ਤੇ ਅਸਤੀਫ਼ਾ ਦੇਣ, ਪੁਲਸੀ ਜਬਰ ਤਸ਼ੱਦਦ ਬੰਦ ਹੋਵੇ ਤੇ ਬਾਕੀ ਹੱਕੀ ਮੰਗਾਂ ਵੀ ਪ੍ਰਵਾਨ ਕੀਤੀਆਂ ਜਾਣ ,ਤਾਂ ਜੋ ਦੇਸ਼ ਦੇ ਸੰਵਿਧਾਨ ਦੀ ਰੋਸ਼ਨੀ ਵਿੱਚ ਲੱਖਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਨਿਆਂ ਨਾਂ ਦੀ ਚੀਜ਼ ਯਕੀਨੀ ਬਣ ਸਕੇ ਅਤੇ ਦੇਸ਼ ਦੇ ਹਾਲਾਤ ਆਮ ਵਰਗੇ ਬਣ ਸਕਣ। ਇਸ ਮੌਕੇ ਜਥੇਬੰਦੀ ਨੇ ਦਰਜ ਕੀਤਾ ਕਿ ਬੀਤੇ ਦਿਨ ਹੀ 280 ਕਿਸਾਨ ਜਥੇਬੰਦੀਆਂ ਤੇ ਅਧਾਰਿਤ ਦੇਸ਼ ਬਚਾਓ ਮੋਰਚਾ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਜੰਤਰ ਮੰਤਰ ਵਿਖੇ ਵਿਦਿਆਰਥੀ ਅੰਦੋਲਨ ਦੀ ਭਰਾਤਰੀ ਮਦਦ ਵਜੋਂ ਬੀਤੇ ਦਿਨੀ ਕੀਤੀ ਦੋ ਦਿਨਾ ਭੁੱਖ ਹੜਤਾਲ ਤੇ ਤਸੱਲੀ ਪ੍ਰਗਟ ਕੀਤੀ ਤੇ ਐਲਾਨ ਕੀਤਾ ਕਿ ਦੇਸ਼ ਬਚਾਓ ਮੋਰਚਾ ਦੇ ਪ੍ਰੋਗਰਾਮ ‘ਤੇ ਡਿਊਟੀਆਂ ਅਨੁਸਾਰ ਰੋਜ਼ਾਨਾ ਸੂਬਾ ਵਾਰ ਕਾਫਲੇ ਵੱਧ ਚੜ੍ਹ ਕੇ ਸ਼ਾਮਲ ਹੁੰਦੇ ਰਹਿਣਗੇ। ਮੀਟਿੰਗ ਉਪਰੰਤ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਵਿਦਿਆਰਥੀ ਅੰਦੋਲਨ ਦੇ ਪੱਖ ਚ ਤੇ ਕੇਂਦਰ ਦੀ ਫਾਸ਼ੀ ਦੇ ਜ਼ਾਲਮ ਮੋਦੀ-ਸ਼ਾਹ ਹਕੂਮਤ ਖਿਲਾਫ ਡੱਟ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ।ਪੰਜਾਬ ਦੀ ਮੁਲਾਜ਼ਮ ਲਹਿਰ ਦੇ ਚੰਡੀਗੜ੍ਹ ਮਾਰਚ ਤੇ ਪਾਣੀ ਦੀਆਂ ਬੇਤਹਾਸ਼ਾ ਬੁਛਾੜਾਂ ਮਾਰ ਕੇ ਜ਼ਮਹੂਰੀ ਹੱਕਾਂ ਨੂੰ ਦਰੜਨ ਬਦਲੇ ਭਗਵੰਤ ਮਾਨ ਹਕੂਮਤ ਤੇ ਮੋਦੀ ਦੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕਰਦਿਆਂ ਜ਼ਮਹੂਰੀ ਵਾਤਾਵਰਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਅੱਜ ਦੇ ਐਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਢੱਟ, ਲਛਮਣ ਸਿੰਘ ਸਿੱਧਵਾਂ ,ਨਿਰਭੈ ਸਿੰਘ ਤਲਵੰਡੀ, ਹਰਦੇਵ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ ਉਚੇਚੇ ਤੌਰ ਤੇ ਸ਼ਾਮਲ ਹੋਏ।