- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮੋਦੀ ਦੇ ‘ਖੁੱਲ੍ਹੇ 'ਚ ਸ਼ੌਚ ਮੁਕਤ’ ਦੇ ਦਾਅਵੇ ਫੇਲ੍ਹ

-ਬਹਾਦਰ ਕੇ ਰੋਡ ਸਬਜ਼ੀ ਮੰਡੀ 'ਚ ਬਾਥਰੂਮ 'ਤੇ ਦੁਪਹਿਰੇ 2 ਵਜੇ ਲੱਗ ਜਾਂਦੈ ਜਿੰਦਰਾ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ‘ਸਵੱਛ ਭਾਰਤ ਮਿਸ਼ਨ’ ਅਤੇ ‘ਖੁੱਲ੍ਹੇ 'ਚ ਸ਼ੌਚ ਮੁਕਤ’ ਦੇ ਦਾਅਵੇ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ 'ਚ ਦਮ ਤੋੜਦੇ ਨਜ਼ਰ ਆ ਰਹੇ ਹਨ। ਇੱਥੇ ਮਾਰਕੀਟ ਕਮੇਟੀ ਵੱਲੋਂ ਬਾਥਰੂਮ ਤਾਂ ਬਣਵਾਇਆ ਗਿਆ ਹੈ, ਪਰ ਲੋਕਾਂ ਨੂੰ ਉਸ ਦੀ ਸਹੂਲਤ ਨਸੀਬ ਨਹੀਂ ਹੋ ਰਹੀ। ਸੂਤਰਾਂ ਮੁਤਾਬਕ ਮੰਡੀ ਦਾ ਬਾਥਰੂਮ ਸਵੇਰੇ 6 ਵਜੇ ਖੋਲ੍ਹ ਕੇ ਦੁਪਹਿਰ 2 ਵਜੇ ਤਾਲਾ ਲਾ ਦਿੱਤਾ ਜਾਂਦਾ ਹੈ। ਮੰਡੀ 'ਚ ਮੌਜੂਦ ਕੁੱਝ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਦੁਪਹਿਰ 2 ਵਜੇ ਤੋਂ ਬਾਅਦ ਬਾਥਰੂਮ 'ਚ ਜਿੰਦਰਾ ਲੱਗ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦੁਪਹਿਰ 2 ਵਜੇ ਤੋਂ ਬਾਅਦ ਕਿਸੇ ਨੂੰ ਬਾਥਰੂਮ ਜਾਣਾ ਹੋਵੇ ਤਾਂ ਕੀ ਕਰਦੇ ਹੋਵੇ, ਤਾਂ ਉਨ੍ਹਾਂ ਕਿਹਾ ਮੰਡੀ 'ਚ ਖਾਲੀ ਥਾਂ ਲੱਭ ਕੇ ਜਾਣਾ ਪੈਂਦਾ ਹੈ। ਹਾਲਾਂਕਿ ਮਾਰਕੀਟ ਕਮੇਟੀ ਵੱਲੋਂ ਵਾਰ-ਵਾਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇੱਥੇ ਹਾਲਾਤ ਕਾਗਜ਼ਾਂ 'ਚ ਕੁੱਝ ਹੋਰ ਅਤੇ ਜ਼ਮੀਨੀ ਪੱਧਰ 'ਤੇ ਕੁੱਝ ਹੋਰ ਹੀ ਬਿਆਨ ਕਰਦੇ ਹਨ। ਮੰਡੀ 'ਚ ਸਵੇਰ ਤੋਂ ਰਾਤ ਤੱਕ ਗੱਡੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਜਿਹੇ 'ਚ 100 ਫੀਸਦੀ ਸੇਵਾਵਾਂ ਦਾ ਦਾਅਵਾ ਕਰਨ ਵਾਲੀ ਮਾਰਕੀਟ ਕਮੇਟੀ ਦੀ ਪੋਲ ਖੁੱਲ੍ਹਦੀ ਦੇਖੀ ਜਾ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਖੁੱਲ੍ਹੇ 'ਚ ਸ਼ੌਚ 'ਤੇ ਪਾਬੰਦੀ ਦੇ ਬਾਵਜੂਦ ਲੋਕਾਂ ਨੂੰ ਮਜਬੂਰੀ 'ਚ ਖੁੱਲ੍ਹੇ 'ਚ ਜਾਣਾ ਮਾਰਕੀਟ ਕਮੇਟੀ ਦੀ ਨਾਕਾਮੀ ਨੂੰ ਵੀ ਦਰਸਾਉਂਦਾ ਹੈ। ਸੂਤਰਾਂ ਮੁਤਾਬਕ ਮਾਰਕੀਟ ਕਮੇਟੀ ਵੱਲੋਂ ਵੀ ਇਸ ਦੀ ਦੇਖ ਰੇਖ ਕਰਵਾਈ ਜਾ ਰਹੀ ਸੀ। ਜਿੱਥੇ ਪ੍ਰਾਈਵੇਟ ਕਰਿੰਦਾ ਬੈਠ ਕੇ ਵਸੂਲੀ ਕਰਦਾ ਦੱਸਿਆ ਗਿਆ। ਅਤੇ ਇਸਦੀ ਉਗਾਹੀ ਕਈ ਲੋਕਾਂ ਤੱਕ ਪੁੱਜਦੀ ਸੀ। ਇੱਥੇ ਸਵਾਲ ਚੁੱਕਣਾ ਲਾਜ਼ਮੀ ਹੈ ਕਿ ਜੇਕਰ ਸਾਮਾਨ ਚੋਰੀ ਹੋਣ ਦਾ ਡਰ ਹੈ ਤਾਂ ਕੀ ਮੰਡੀ ਵੱਲੋਂ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕੀ ਚੋਰੀ ਦੇ ਡਰੋਂ ਲੋਕਾਂ ਨੂੰ ਖੁੱਲ੍ਹੇ 'ਚ ਸ਼ੌਚ ਕਰਨ ਲਈ ਮਜਬੂਰ ਕੀਤਾ ਜਾਵੇਗਾ।
-ਬਾਕਸ-
-ਬਾਥਰੂਮ ਬੰਦ ਕਰਨ ਦੀ ਜਾਂਚ ਹੋਵੇਗੀ : ਖੰਗੂੜਾ
ਸਕੱਤਰ ਮਾਰਕੀਟ ਕਮੇਟੀ ਲੁਧਿਆਣਾ ਗੁਰਦੀਪ ਸਿੰਘ ਖੰਗੂੜਾ ਨੇ ਬਾਥਰੂਮ ਦੇ ਸਵੇਰੇ 6 ਤੋਂ ਦੁਪਹਿਰ 2 ਵਜੇ ਬੰਦ ਹੋਣ ਬਾਰੇ ਪੁੱਛਣ 'ਤੇ ਕਿਹਾ ਇਸ ਦੀ ਜਾਂਚ ਕੀਤੀ ਜਾਵੇਗੀ। ਬਾਥਰੂਮ ਜਾਣ ਵਾਲਿਆਂ ਤੋਂ ਪੈਸੇ ਵਸੂਲਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਬਾਥਰੂਮ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਦਿੱਤਾ ਹੋਇਆ ਹੈ। ਇਹ ਮਾਰਕੀਟ ਕਮੇਟੀ ਕੋਲ ਨਹੀਂ ਹੈ। ਇਸ ਦੀ ਮੈਂਟੇਨੈਂਸ ਪਬਲਿਕ ਹੈਲਥ ਡਿਪਾਰਟਮੈਂਟ ਹੀ ਕਰ ਰਿਹਾ ਹੈ।
-ਬਾਕਸ-
-ਪੈਸੇ ਵਸੂਲਣ ਦਾ ਮਾਮਲਾ ਮੇਰੇ ਧਿਆਨ ਵਿੱਚ ਨਹੀਂ : ਜੇਈ
ਪਬਲਿਕ ਹੈਲਥ ਡਿਪਾਰਟਮੈਂਟ ਦੇ ਜੇਈ ਗੁਰਨੂਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਬਾਥਰੂਮ ਜਾਣ ਵਾਲਿਆਂ ਤੋਂ ਪੈਸੇ ਵਸੂਲਣ ਦਾ ਮਾਮਲਾ ਮੇਰੇ ਧਿਆਨ 'ਚ ਨਹੀਂ ਹੈ। ਮੌਕੇ 'ਤੇ ਚੈੱਕ ਕਰਵਾ ਕੇ ਉਕਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਬਾਥਰੂਮ ਦੇ ਸਮੇਂ ਬਾਰੇ ਉਨ੍ਹਾਂ ਕਿਹਾ ਬਾਥਰੂਮ ਸ਼ਾਮ ਨੂੰ ਖੁੱਲ੍ਹਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਸਫਾਈ ਕਰਮੀਆਂ ਨੂੰ ਮਾਰਕੁੱਟ ਕਰਕੇ ਕਈ ਬਾਰ ਟੂਟੀਆਂ ਅਤੇ ਹੋਰ ਸਾਮਾਨ ਦੀ ਚੋਰੀ ਕੀਤੀ ਗਈ। ਇਸ ਲਈ ਬਾਥਰੂਮ ਬੰਦ ਕੀਤਾ ਗਿਆ ਹੈ। ਹੁਣ ਮਾਰਕੀਟ ਸਕੱਤਰ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕੱਢ ਸਮਾਂ ਵਧਾਇਆ ਜਾਵੇਗਾ।