ਪੀਏਯੂ ਦੇ ਵਾਈਸ ਚਾਂਸਲਰ ਡਾ. ਗੋਸਲ ਵੱਲੋਂ ਸੰਧੂ ਸਨਮਾਨਿਤ ਪੀਏਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਵੱਲੋਂ ਸੰਧੂ ਦਾ ਸਨਮਾਨ
Publish Date: Tue, 11 Aug 2026 08:03 PM (IST)
Updated Date: Wed, 12 Aug 2026 04:06 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਪੀਏਯੂ ਦੇ ਵਾਈਸ ਚਾਂਸਲਰ ਸੈਮੀਨਾਰ ਹਾਲ ’ਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਕੀਤੇ ਕਾਰਜਾਂ ਲਈ ਯੂਨੀਵਰਸਿਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਪੀਏਯੂ. ਦੇ ਸਮੂਹ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਅਹੁਦੇਦਾਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਇਸ ਮੌਕੇ ਮੌਜੂਦ ਸਨ। ਸਨਮਾਨ ਪਿੱਛੋਂ ਵਾਈਸ ਚਾਂਸਲਰ ਨੇ ਸੰਧੂ ਵੱਲੋਂ ਕੀਤੇ ਕਾਰਜਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਸੰਧੂ ਨੇ ਯੂਨੀਵਰਸਿਟੀ ਦੀ ਵਿਰਾਸਤ ਅਤੇ ਵੱਖ-ਵੱਖ ਉਪਲੱਬਧੀਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਇੱਕ ਪੁਲ ਦਾ ਕਾਰਜ ਕੀਤਾ ਹੈ। ਸੰਧੂ ਪੀਏਯੂ. ਦੇ ਸਾਬਕਾ ਮਿਲਖ ਅਧਿਕਾਰੀ ਤਰਲੋਚਨ ਸਿੰਘ ਸੰਧੂ ਦੇ ਫਰਜ਼ੰਦ ਹਨ ਅਤੇ ਉਨ੍ਹਾਂ ਨੂੰ ਖੇਤੀ ਅਤੇ ਕਿਸਾਨੀ ਦੀ ਸੇਵਾ ਦੀ ਲਗਨ ਵਿਰਸੇ ਵਿੱਚੋਂ ਪ੍ਰਾਪਤ ਹੋਈ ਹੈ। ਡਾ. ਗੋਸਲ ਨੇ ਦੱਸਿਆ ਕਿ ਸੰਧੂ ਨੇ ਪੀਏਯੂ. ਵਿੱਚ ਸਥਾਪਿਤ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਦੇ ਨਵੀਨੀਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਇਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ ਉੱਪਰ ਇਸ ਅਜਾਇਬ ਘਰ ਨੂੰ ਵਿਸ਼ੇਸਤਾ ਨਾਲ ਦਰਜ ਕੀਤਾ ਗਿਆ। ਡਾ. ਗੋਸਲ ਨੇ ਕਿਹਾ ਕਿ ਕਣਕ ਦੀਆਂ ਕਿਸਮਾਂ ਬਾਰੇ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੌਫੀਟੇਬਲ ਕਿਤਾਬ ਚਰਚਾ ਦਾ ਹਿੱਸਾ ਬਣੀ। ਇਸ ਤੋਂ ਇਲਾਵਾ ਪੀਏਯੂ. ਦਾ ਮੋਰ ਨਾਮੀ ਫੋਟੋ ਲੜੀ ਅਤੇ ਯੂਨੀਵਰਸਿਟੀ ਦੇ ਰਮਣੀਕ ਸਥਾਨਾਂ ਦੀਆਂ ਤਸਵੀਰਾਂ ਤੋਂ ਬਣਾਏ ਕੈਲੰਡਰ ਆਮ ਜਨਤਾ ਤੱਕ ਯੂਨੀਵਰਸਿਟੀ ਦੀ ਪਹੁੰਚ ਵਧਾਉਣ ਵਿਚ ਸਫਲ ਰਹੇ ਹਨ। ਡਾ. ਗੋਸਲ ਨੇ ਕਿਹਾ ਕਿ ਸੰਧੂ ਦੇ ਸਨਮਾਨ ਨਾਲ ਪੀਏਯੂ. ਦਾ ਆਪਣਾ ਸਨਮਾਨਿਤ ਹੋ ਰਿਹਾ ਹੈ। ਇਸ ਮੌਕੇ ’ਵਰਸਿਟੀ ਦੇ ਰਜਿਸਟਾਰ ਡਾ. ਰਿਸ਼ੀਪਾਲ ਸਿੰਘ ਨੇ ਹਰਪ੍ਰੀਤ ਸੰਧੂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਸਵਾਗਤੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸੰਧੂ ਵੱਲੋਂ ਕੀਤੇ ਦਸਤਾਵੇਜ਼ੀ ਅਤੇ ਪ੍ਰਕਾਸ਼ਨ ਕਾਰਜ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੰਮ ਲਗਾਤਾਰ ਮਿਹਨਤ ਅਤੇ ਲਗਨ ਦੀ ਮੰਗ ਕਰਦਾ ਹੈ ਅਤੇ ਸੰਧੂ ਨੇ ਇਸ ਕਾਰਜ ਨੂੰ ਅੰਜਾਮ ਦੇ ਕੇ ਸੱਚੇ ਖੇਤੀ ਹਿਤੈਸ਼ੀ ਹੋਣ ਦਾ ਪ੍ਰਮਾਣ ਦਿੱਤਾ ਹੈ। ਹਰਪ੍ਰੀਤ ਸਿੰਘ ਸੰਧੂ ਨੇ ਇਸ ਸਨਮਾਨ ਲਈ ਭਾਵੁਕ ਸ਼ਬਦਾਂ ਵਿੱਚ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਇਸ ਸਮਾਰੋਹ ਨੂੰ ਡਾ. ਨਿਰਮਲ ਜੌੜਾ ਨੇ ਵੀ ਸੰਬੋਧਨ ਕੀਤਾ। ਅੰਤ ’ਚ ਧੰਨਵਾਦ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ।