- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਜਾਇਜ਼ ਕਲੋਨੀ ਦਾ ਮਾਮਲਾ ਭਖਿਆ, ਗੁਲਮੋਹਰ ਗਰੀਨ ਵਾਲਿਆਂ ਨੇ ਗਲਾਡਾ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

-ਨਾਜਾਇਜ਼ ਕਾਲੋਨੀ ਦਾ ਮਾਮਲਾ ਭਖਿਆ, ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਹੋਣ ਦਾ ਦਾਅਵਾ
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਜੋਧਾ ਇਲਾਕੇ ਵਿੱਚ ਕਥਿਤ ਤੌਰ ’ਤੇ ਕੱਟੀ ਜਾ ਰਹੀ ਇੱਕ ਅਣਅਧਿਕਾਰਤ ਕਲੋਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਪਾਸੇ ਗਲਾਡਾ ਵੱਲੋਂ ਅਣਅਧਿਕਾਰਤ ਕਲੋਨੀਆਂ ਖ਼ਿਲਾਫ਼ ਸਖ਼ਤੀ ਕਰਨ ਅਤੇ ਅਜਿਹੀਆਂ ਕਲੋਨੀਆਂ ’ਤੇ ਰੋਕ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜੋਧਾ ਇਲਾਕੇ ’ਚ ਕਥਿਤ ਤੌਰ ’ਤੇ ਕਾਲੋਨੀ ਵਿਕਸਿਤ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇਸ ਮਾਮਲੇ ਸਬੰਧੀ ਕਥਿਤ ਕਲੋਨੀ ਦੇ ਬਿਲਕੁਲ ਨਾਲ ਲੱਗਦੀ ਗੁਲਮੋਹਰ ਗਰੀਨ ਕਾਲੋਨੀ ਦੇ ਮਾਲਕਾਂ ਵੱਲੋਂ ਗਲਾਡਾ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਗੁਲਮੋਹਰ ਗਰੀਨ ਕਾਲੋਨੀ ਨਾਲ ਸਬੰਧਤ ਹਰੀਸ਼ ਪਾਸੀ, ਭਗਵਾਨ ਸਿੰਗਲਾ ਤੇ ਮਨੂ ਜੌਹਰ ਨੇ ਦੱਸਿਆ ਕਿ ਉਹ ਵਿਭਾਗ ਨੂੰ ਇਸ ਮਾਮਲੇ ਸਬੰਧੀ ਕਈ ਵਾਰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਉਨ੍ਹਾਂ ਦੇ ਅਨੁਸਾਰ ਇਸ ਦੇ ਬਾਵਜੂਦ ਮੌਕੇ ’ਤੇ ਬਣਦੀ ਕਾਰਵਾਈ ਨਹੀਂ ਕੀਤੀ। ਹਰੀਸ਼ ਪਾਸੀ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ ਦੇ ਬਿਲਕੁਲ ਨਾਲ ਅਣਅਧਿਕਾਰਤ ਤੌਰ ’ਤੇ ਕਲੋਨੀ ਵਿਕਸਿਤ ਕੀਤੇ ਜਾਣ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਸਬੰਧੀ ਗਲਾਡਾ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਕੰਮ ਰੁਕਵਾਉਣ ਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਅਧਿਕਾਰੀਆਂ ਤੇ ਵਿਭਾਗੀ ਮੁਲਾਜ਼ਮਾਂ ਵੱਲੋਂ ਲੁੜੀਂਦੀ ਕਾਰਵਾਈ ਨਹੀਂ ਕੀਤੀ ਗਈ। ਹਰੀਸ਼ ਪਾਸੀ ਨੇ ਦੋਸ਼ ਲਾਇਆ ਕਿ ਕਥਿਤ ਕਾਲੋਨੀ ’ਚ ਕਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਮਾਮਲੇ ਨੂੰ ਲੈ ਕੇ ਹੁਣ ਇਕ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਵੀ ਭੇਜ ਦਿੱਤੀ ਹੈ, ਤਾਂ ਜੋ ਪੂਰੇ ਮਾਮਲੇ ਦੀ ਜਾਂਚ ਹੋ ਸਕੇ ਅਤੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ।
-ਗਲਾਡਾ ਵੱਲੋਂ ਨੋਟਿਸ ਜਾਰੀ ਕਰਨ ਦਾ ਦਾਅਵਾ
ਇਸ ਸਬੰਧੀ ਗਲਾਡਾ ਦੇ ਜੇਈ ਵਰਿੰਦਰ ਸਿੰਘ ਨੇ ਕਿਹਾ ਕਿ ਕਾਲੋਨੀ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਵਿਭਾਗ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ। ਮਾਮਲੇ ਸਬੰਧੀ ਜਲਦ ਹੀ ਅਗਲਾ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਹਰੀਸ਼ ਪਾਸੀ ਅਤੇ ਭਗਵਾਨ ਸਿੰਗਲਾ ਨੇ ਗਲਾਡਾ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਾਲੋਨੀ ਵਿੱਚ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਬਿਨਾਂ ਦੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਣਅਧਿਕਾਰਤ ਕਲੋਨੀਆਂ ਸਬੰਧੀ ਵਿਭਾਗ ਦੀ ਨੀਤੀ ਅਨੁਸਾਰ ਮੌਕੇ ’ਤੇ ਪ੍ਰਭਾਵਸ਼ਾਲੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਨਿਯਮਾਂ ਦੀ ਉਲੰਘਣਾ ਨੂੰ ਰੋਕਿਆ ਜਾ ਸਕੇ।