- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਮੈਂਟ ਨਾ ਮਿਲਣ ’ਤੇ ਪਿੰਡ ਕੈਂਡ ਦੇ ਕਿਸਾਨਾਂ ਵੱਲੋਂ ਐਨਐਚਏਆਈ ਪ੍ਰਾਜੈਕਟ ਵਾਲੀ ਜ਼ਮੀਨ ’ਤੇ ਧਰਨਾ

-ਕਿਹਾ, ਉੱਚ ਅਧਿਕਾਰੀ ਮੁਆਵਜ਼ਾ ਦੇਣ ਦਾ ਭਰੋਸਾ ਦੇਣ, ਪੇਮੈਂਟ ਲੈਣ ਉਪਰੰਤ ਦਿਆਂਗੇ ਕਬਜ਼ਾ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਪਿੰਡ ਕੈਂਡ ਵਿਖੇ ਐਨਐਚਏਆਈ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਦੀ ਪੂਰੀ ਪੇਮੈਂਟ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਮੌਕੇ ’ਤੇ ਧਰਨਾ ਲਾਇਆ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਬਕਾਇਆ ਪੇਮੈਂਟ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਪੈਂਦੀ, ਉਦੋਂ ਤੱਕ ਉਹ ਪ੍ਰਾਜੈਕਟ ਦਾ ਕੰਮ ਅੱਗੇ ਨਹੀਂ ਵਧਣ ਦੇਣਗੇ। ਇਸ ਮੌਕੇ ਸਰਪੰਚ ਗੁਰੀ ਕੈਂਡ, ਲੰਬੜਦਾਰ ਪ੍ਰਦੀਪ ਸਿੰਘ ਕੈਂਡ ਅਤੇ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ ਨੇ ਦੱਸਿਆ ਕਿ ਪਿੰਡ ਕੈਂਡ ਦੀ ਕਰੀਬ 85 ਏਕੜ ਜ਼ਮੀਨ ਐੱਨਐੱਚਏਆਈ ਦੇ ਭਾਰਤਮਾਲਾ ਪ੍ਰਾਜੈਕਟ ’ਚ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਜ਼ਮੀਨ ਮਾਲਕਾਂ ਨੂੰ ਪੇਮੈਂਟ ਪੂਰੀ ਤਾਂ ਕੀ, ਅਧੂਰੀ ਵੀ ਨਹੀਂ ਮਿਲੀ, ਜਦਕਿ ਪ੍ਰਾਜੈਕਟ ਲਈ ਜ਼ਮੀਨ ਦਾ ਕਬਜ਼ਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਸਰਪੰਚ ਗੁਰੀ ਕੈਡ, ਪ੍ਰਦੀਪ ਕੈਂਡ ਤੇ ਚੰਨਾ ਕੈਂਡ ਮੁਤਾਬਕ ਇਸ ਮਾਮਲੇ ਵਿੱਚ ਨਰਿੰਦਰ ਕੌਰ ਪਤਨੀ ਸਵ. ਹਰਬੰਸ ਸਿੰਘ, ਮਹਿੰਦਰ ਕੌਰ ਪੁੱਤਰੀ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਹਰਦੀਪ ਕੌਰ ਪਤਨੀ ਬਲਜਿੰਦਰ ਸਿੰਘ, ਭੁਪਿੰਦਰ ਕੌਰ ਪੁੱਤਰੀ ਮਲਕੀਤ ਸਿੰਘ, ਰਾਜਵੀਰ ਸਿੰਘ ਪੁੱਤਰ ਰਣਧੀਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਸੁਖਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਕਮਲਜੀਤ ਕੌਰ ਪਤਨੀ ਸਵ. ਬਲਜਿੰਦਰ ਸਿੰਘ, ਪ੍ਰਦੀਪ ਸਿੰਘ ਪੁੱਤਰ ਬਲਜੀਤ ਸਿੰਘ, ਨਿਰਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਅਤੇ ਕਮਲਜੀਤ ਕੌਰ ਪਤਨੀ ਸੁਖਦੀਪ ਸਿੰਘ ਸਮੇਤ ਹੋਰ ਜ਼ਮੀਨ ਮਾਲਕਾਂ ਦੀ ਪੇਮੈਂਟ ਸਬੰਧੀ ਮਸਲਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਨਆਰਆਈ ਮਾਤਾ ਨਰਿੰਦਰ ਕੌਰ ਆਪਣੀ ਜ਼ਮੀਨ ਦੀ ਪੇਮੈਂਟ ਲੈਣ ਲਈ ਵਿਦੇਸ਼ ਤੋਂ ਵਿਸ਼ੇਸ਼ ਤੌਰ ’ਤੇ ਇੱਥੇ ਆਏ ਹੋਏ ਹਨ। ਸਰਪੰਚ ਅਨੁਸਾਰ ਨਰਿੰਦਰ ਕੌਰ ਦੀ ਕਰੀਬ 10 ਏਕੜ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਵੀ ਲੰਮੇ ਸਮੇਂ ਤੋਂ ਬਕਾਇਆ ਹੈ। ਸਰਪੰਚ ਗੁਰੀ ਕੈਂਡ, ਪ੍ਰਦੀਪ ਕੈਂਡ ਅਤੇ ਚੰਨਾ ਕੈਂਡ ਨੇ ਦੱਸਿਆ ਕਿ 2 ਅਪ੍ਰੈਲ ਨੂੰ ਡੀਸੀ ਨਾਲ ਹੋਈ ਮੀਟਿੰਗ ਵਿੱਚ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 20 ਅਪ੍ਰੈਲ ਤੱਕ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ 15 ਤੋਂ 20 ਦਿਨਾਂ ਦੇ ਅੰਦਰ ਪਿੰਡ ਦੀ ਕੁੱਲ ਪੇਮੈਂਟ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਅਧਿਕਾਰੀਆਂ ਦੇ ਭਰੋਸੇ ’ਤੇ ਸਹਿਯੋਗ ਕੀਤਾ ਅਤੇ ਜ਼ਮੀਨ ਦਾ ਕਬਜ਼ਾ ਵੀ ਦੇ ਦਿੱਤਾ, ਪਰ ਉਨ੍ਹਾਂ ਦੇ ਦਾਅਵੇ ਮੁਤਾਬਕ ਪੇਮੈਂਟ ਅਜੇ ਤੱਕ ਨਹੀਂ ਹੋਈ। ਕਿਸਾਨ ਕਈ ਵਾਰ ਸਬੰਧਤ ਦਫ਼ਤਰਾਂ ਦੇ ਚੱਕਰ ਲਗਾ ਚੁੱਕੇ ਹਨ, ਪਰ ਹਰ ਵਾਰ ਅਗਲੇ ਹਫ਼ਤੇ ਆਉਣ ਦੀ ਗੱਲ ਕਹਿ ਕੇ ਮਾਮਲਾ ਟਾਲ ਦਿੱਤਾ ਜਾਂਦਾ ਹੈ। ਸਰਪੰਚ ਨੇ ਦੋਸ਼ ਲਾਇਆ ਕਿ ਪਿੰਡ ਕੈਂਡ ਦੀ ਜ਼ਮੀਨ ਦੀ ਸਥਿਤੀ ਅਤੇ ਕੀਮਤ ਹੋਰ ਥਾਵਾਂ ਨਾਲੋਂ ਵੱਖਰੀ ਹੋਣ ਦੇ ਬਾਵਜੂਦ ਮੁਆਵਜ਼ੇ ਵਿੱਚ ਉਚਿਤ ਫਰਕ ਨਹੀਂ ਰੱਖਿਆ ਗਿਆ। ਪਿੰਡ ਵਿੱਚ ਵੱਡਾ ਰੋਡ ਜੰਕਸ਼ਨ ਬਣਨ ਕਾਰਨ ਜ਼ਮੀਨ ਦੀ ਮਹੱਤਤਾ ਵੀ ਵੱਧ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕੁਝ ਥਾਵਾਂ ’ਤੇ ਕਲੈਕਟਰ ਰੇਟ 8 ਤੋਂ 10 ਲੱਖ ਰੁਪਏ ਹੋਣ ਦੇ ਬਾਵਜੂਦ ਕਰੀਬ ਪੰਜ ਗੁਣਾ ਤੱਕ ਮੁਆਵਜ਼ਾ ਦਿੱਤਾ ਗਿਆ, ਜਦਕਿ ਕੈਂਡ ਦੀ ਜ਼ਮੀਨ ਲਈ ਕਲੈਕਟਰ ਰੇਟ ਕਰੀਬ 61 ਲੱਖ ਰੁਪਏ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਉਮੀਦ ਮੁਤਾਬਕ ਰਕਮ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨ ਪਿਛਲੇ ਕਰੀਬ ਚਾਰ ਸਾਲਾਂ ਤੋਂ ਦਫ਼ਤਰਾਂ ਅਤੇ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ। ਇਸ ਮੌਕੇ ਸਾਬਕਾ ਪੰਚ ਜਸਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਜ਼ਮੀਨ ਮਾਲਕਾਂ ਦੀ ਪੇਮੈਂਟ ਬਕਾਇਆ ਹੈ, ਉਨ੍ਹਾਂ ਨੂੰ ਪੇਮੈਂਟ ਮਿਲਣ ਤੱਕ ਉਹ ਮੌਕੇ ’ਤੇ ਕੋਈ ਨਵਾਂ ਕਬਜ਼ਾ ਨਹੀਂ ਦੇਣਗੇ ਤੇ ਨਾ ਹੀ ਪ੍ਰਾਜੈਕਟ ਦਾ ਕੰਮ ਚੱਲਣ ਦੇਣਗੇ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੂੰ ਵੀ ਪਿੰਡ ਵਾਸੀਆਂ ਵੱਲੋਂ ਕੰਮ ਰੋਕਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਇਕ ਕਰਮਚਾਰੀ ਵੱਲੋਂ ਕਥਿਤ ਤੌਰ ’ਤੇ ਪਿੰਡ ਵਾਸੀਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਸਬੰਧੀ ਫੋਨ ਪੁਲਿਸ ਨੂੰ ਸੌਂਪਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਮਾਮਲੇ ਦੀ ਜਾਂਚ ਹੋ ਸਕੇ। ਧਰਨੇ ਦੀ ਸੂਚਨਾ ਮਿਲਣ ’ਤੇ ਡੇਹਲੋਂ ਤੋਂ ਕਾਨੂੰਗੋ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੇਮੈਂਟ ਦਾ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ। ਇਸ ਤੋਂ ਇਲਾਵਾ ਥਾਣਾ ਡੇਹਲੋਂ ਵੱਲੋਂ ਪੁਲਿਸ ਅਧਿਕਾਰੀ ਵੀ ਤਹਿਸੀਲਦਾਰ ਦਾ ਸੁਨੇਹਾ ਲੈ ਕੇ ਧਰਨਾਕਾਰੀਆਂ ਕੋਲ ਪੁੱਜੇ।
ਹਾਲਾਂਕਿ ਪਿੰਡ ਵਾਸੀਆਂ ਨੇ ਮੌਕੇ ’ਤੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜ਼ਮੀਨ ਦਾ ਕਬਜ਼ਾ ਦੇ ਕੇ ਬੈਠੇ ਹਨ, ਪਰ ਪੇਮੈਂਟ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ।ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੋਈ ਉੱਚ ਅਧਿਕਾਰੀ ਮੌਕੇ ’ਤੇ ਆ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦਾ ਅਤੇ ਪੇਮੈਂਟ ਸਬੰਧੀ ਠੋਸ ਭਰੋਸਾ ਨਹੀਂ ਦਿੰਦਾ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਮੀਨ ਦੇ ਬਕਾਇਆ ਮੁਆਵਜ਼ੇ ਦੀ ਪੇਮੈਂਟ ਜਲਦ ਕਲੀਅਰ ਕੀਤੀ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਦਾ ਹੱਲ ਹੋ ਸਕੇ। ਇਸ ਮੌਕੇ ਨਰਿੰਦਰ ਕੌਰ ਨੇ ਦੱਸਿਆ ਕਿ ਜ਼ਮੀਨ ਦਾ ਕਬਜ਼ਾ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਅਧਿਕਾਰੀਆਂ ਵੱਲੋਂ ਵਾਰ-ਵਾਰ 10-15 ਦਿਨਾਂ ਵਿੱਚ ਪੈਸੇ ਪਾਉਣ ਦਾ ਭਰੋਸਾ ਦਿੱਤਾ ਗਿਆ, ਪਰ 8-9 ਮਹੀਨੇ ਬੀਤਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀ ਇਸੇ ਮਸਲੇ ਨੂੰ ਲੈ ਕੇ ਉਨ੍ਹਾਂ ਦੇ ਹੱਕ ਵਿੱਚ ਇਕੱਠੇ ਹੋਏ ਹਨ। ਇਸ ਮੌਕੇ ਸਰਪੰਚ ਗੁਰਮਿੰਦਰ ਸਿੰਘ ਲੰਬਰਦਾਰ ਪ੍ਰਦੀਪ ਸਿੰਘ, ਬਲਾਕ ਸੰਮਤੀ ਮੈਂਬਰ ਚੰਨਾ ਕੈਂਡ,ਰਾਜੂ ਕੈਂਡ,ਜਸਵੰਤ ਸਿੰਘ ਸਾਬਕਾ ਪੰਚ, ਰਣਜੋਧ ਸਿੰਘ, ਕਿਰਨਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ, ਸਾਬਕਾ ਸਰਪੰਚ ਬਲਦੇਵ ਸਿੰਘ,ਗੁਰਿੰਦਰ ਸਿੰਘ ਪੰਚ, ਗੁਰਵੀਰ ਸਿੰਘ ਗੁਰੀ, ਕਰਮ ਸਿੰਘ,ਦਵਿੰਦਰ ਸਿੰਘ ਗਰਚਾ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।