- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਸੀਯੂ ਵੱਲੋਂ ਰੈਂਪ ਸਕੀਮ ਤਹਿਤ ਸਮਰੱਥਾ ਨਿਰਮਾਣ ਵਰਕਸ਼ਾਪ

13)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐੱਮਜੀਐੱਸਆਈਪੀਏ) ਦੇ ਸਹਿਯੋਗ ਨਾਲ ਰੇਜ਼ਿੰਗ ਐਂਡ ਐਕਸਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ (ਰੈਂਪ) ਸਕੀਮ ਤਹਿਤ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ। ਇਸ ਪ੍ਰੋਗਰਾਮ ਵਿੱਚ ਕਰੀਬ 50 ਸਨਅਤੀ ਨੁਮਾਇੰਦਿਆਂ ਅਤੇ ਪੇਸ਼ੇਵਰਾਂ ਨੇ ਹਿੱਸਾ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਸੂਬੇ ਦੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਸਨਅਤੀ ਲੋੜਾਂ ਅਨੁਸਾਰ ਗਿਆਨ, ਵਿਹਾਰਕ ਜਾਣਕਾਰੀ ਅਤੇ ਰੈਂਪ ਸਕੀਮ ਤਹਿਤ ਉਪਲਬਧ ਮੌਕਿਆਂ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਉਦਯੋਗਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਨਅਤੀ ਵਿਕਾਸ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਰੈਂਪ ਪ੍ਰੋਗਰਾਮ ਦੇ ਹਿੱਸੇ ਵਜੋਂ ਸਾਬਕਾ ਜੁਆਇੰਟ ਡਾਇਰੈਕਟਰ ਵਿਸ਼ਵ ਬੰਧੂ ਵੱਲੋਂ ਦੋ ਵਰਕਸ਼ਾਪ ਸੈਸ਼ਨ ਕਰਵਾਏ ਗਏ। ਉਨ੍ਹਾਂ ਨੇ ਰੈਂਪ ਸਕੀਮ ਦੇ ਉਦੇਸ਼ਾਂ, ਪਹਿਲਕਦਮੀਆਂ ਅਤੇ ਐੱਮਐੱਸਐੱਮਈ ਲਈ ਇਸ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਨਵੀਂ ਇੰਡਸਟਰੀਅਲ ਪਾਲਿਸੀ-2026 ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਜਾਣੂੰ ਕਰਵਾਇਆ। ਇਸ ਦੇ ਨਾਲ ਹੀ ਉਦਯੋਗਾਂ ਨੂੰ ਪ੍ਰੋਤਸਾਹਨ (ਇਨਸੈਂਟਿਵ) ਹਾਸਲ ਕਰਨ ਅਤੇ ਵੱਖ-ਵੱਖ ਮਨਜ਼ੂਰੀਆਂ ਲੈਣ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਵਰਕਸ਼ਾਪ ਦੌਰਾਨ ‘ਕਾਸਟ ਐਂਡ ਸਾਈਕਲ ਟਾਈਮ ਰਿਡਕਸ਼ਨ ਇਨ ਸੀਐੱਨਸੀ ਮਸ਼ੀਨਿੰਗ’ ਵਿਸ਼ੇ ’ਤੇ ਤਕਨੀਕੀ ਸਿਖਲਾਈ ਸੈਸ਼ਨ ਵੀ ਕਰਵਾਇਆ। ਇਹ ਸੈਸ਼ਨ ਆਈਐੱਮਟੀਐੱਮਏ ਦੇ ਸਬਜੈਕਟ ਮੈਟਰ ਐਕਸਪਰਟ ਪ੍ਰੀਥਮ ਬੀਐੱਮ ਨੇ ਲਿਆ। ਉਨ੍ਹਾਂ ਕੋਲ ਉਦਯੋਗਿਕ ਖੇਤਰ ਵਿੱਚ 28 ਸਾਲ ਦਾ ਤਜਰਬਾ ਹੈ। ਸੈਸ਼ਨ ਦੌਰਾਨ ਸੀਐੱਨਸੀ ਮਸ਼ੀਨਿੰਗ ਨਾਲ ਸਬੰਧਤ ਵਿਹਾਰਕ ਪਹਿਲੂਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਵਿੱਚ ਕ੍ਰਿਟੀਕਲ-ਟੂ-ਕੁਆਲਿਟੀ ਟਾਲਰੈਂਸ, ਮਸ਼ੀਨਿੰਗ ਦੌਰਾਨ ਪੈਦਾ ਹੋਣ ਵਾਲੀਆਂ ਅਸਧਾਰਨ ਸਥਿਤੀਆਂ ਅਤੇ ਉਨ੍ਹਾਂ ਦੇ ਕਾਰਨਾਂ ਦੀ ਪਛਾਣ, ਟਰਨਿੰਗ ਅਤੇ ਮਸ਼ੀਨਿੰਗ ਸੈਂਟਰ ਆਪਰੇਸ਼ਨ, ਮਸ਼ੀਨਿੰਗ ਪੈਰਾਮੀਟਰਾਂ ਦੀ ਚੋਣ, ਟੂਲ ਲਾਈਫ, ਸਾਈਕਲ ਟਾਈਮ ਨੂੰ ਘਟਾਉਣ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਵਰਗੇ ਵਿਸ਼ੇ ਸ਼ਾਮਲ ਰਹੇ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਪੰਜਾਬ ਦੇ ਐੱਮਐੱਸਐੱਮਈ ਖੇਤਰ ਦੀ ਮੁਕਾਬਲੇਬਾਜ਼ੀ ਵਧਾਉਣ ਲਈ ਹੁਨਰ ਵਿਕਾਸ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਉਦਯੋਗਾਂ ਨੂੰ ਮਾਹਿਰਾਂ ਤੋਂ ਸਿੱਧਾ ਗਿਆਨ ਤੇ ਵਿਹਾਰਕ ਹੱਲ ਹਾਸਲ ਕਰਨ ਦਾ ਮੌਕਾ ਦਿੰਦੇ ਹਨ, ਜਿਸ ਨਾਲ ਉਤਪਾਦਕਤਾ, ਗੁਣਵੱਤਾ ਤੇ ਲਾਗਤ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਡਾ. ਸੰਜੀਵ ਛੱਡਾ ਪ੍ਰੋਫੈਸਰ ਅਤੇ ਹੈੱਡ ਐੱਮਡੀਸੀ ਐੱਮਜੀਐੱਸਆਈਪੀਏ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਟੀਮ ਵਿੱਚ ਸੌਰਵ, ਕੰਸਲਟੈਂਟ ਪੀਆਈਯੂ, ਵੀਨਸ ਰਾਣਾ, ਟ੍ਰੇਨਿੰਗ ਐਸੋਸੀਏਟ ਐੱਮਜੀਐੱਸਆਈਪੀਏ ਅਤੇ ਸੁਮਿਤ ਨੇ ਸੀਆਈਸੀਯੂ ਨਾਲ ਮਿਲ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਉਦਯੋਗ ਅਤੇ ਸਰਕਾਰ ਵਿਚਕਾਰ ਲਗਾਤਾਰ ਸਹਿਯੋਗ ਨਾਲ ਪੰਜਾਬ ਦੇ ਐੱਮਐੱਸਐੱਮਈ ਲਈ ਵਿਕਾਸ ਦੇ ਹੋਰ ਮੌਕੇ ਪੈਦਾ ਹੋਣਗੇ। ਅੰਤ ’ਚ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਦਯੋਗਿਕ ਨੁਮਾਇੰਦਿਆਂ ਨੇ ਆਪਣੇ ਵਿਹਾਰਕ ਤਜਰਬੇ ਅਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮਾਹਿਰਾਂ ਨੇ ਉਨ੍ਹਾਂ ਨੂੰ ਨਿਰਮਾਣ ਕੁਸ਼ਲਤਾ ਵਧਾਉਣ, ਸਾਈਕਲ ਟਾਈਮ ਘਟਾਉਣ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨ ਸਬੰਧੀ ਸੁਝਾਅ ਦਿੱਤੇ।