- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਵਿਖੇ ਬੱਕਰੀ ਅਤੇ ਭੇਡ ਪਾਲਣ ਸੰਬੰਧੀ ਸਿਖਲਾਈ ਪ੍ਰੋਗਰਾਮ ਸਮਾਪਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਬੱਕਰੀ ਅਤੇ ਭੇਡ ਪਾਲਣ ਸੰਬੰਧੀ ਇੱਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ 19 ਪੁਰਸ਼ ਅਤੇ 3 ਔਰਤਾਂ ਸਮੇਤ ਕੁੱਲ 22 ਸਿੱਖਿਆਰਥੀਆਂ ਨੂੰ ਸਿੱਖਿਅਤ ਕੀਤਾ ਗਿਆ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਵਿਹਾਰਕ ਅਤੇ ਗਿਆਨ ਵਧਾਊ ਸਿਖਲਾਈ ਪ੍ਰੋਗਰਾਮ ਸੀ। ਉਨ੍ਹਾਂ ਵਿਗਿਆਨਕ ਗਿਆਨ ਅਤੇ ਹੁਨਰ ਆਧਾਰਿਤ ਸਿਖਲਾਈ ਨੂੰ ਪਸ਼ੂ ਪਾਲਕਾਂ ਦੇ ਕਿੱਤੇ ਵਿੱਚ ਬਿਹਤਰੀ ਲਿਆਉਣ ਲਈ ਬਹੁਤ ਲੋੜੀਂਦਾ ਦੱਸਿਆ। ਉਨ੍ਹਾਂ ਕਿਹਾ ਕਿ ਬੱਕਰੀ ਅਤੇ ਭੇਡ ਪਾਲਣ ਲਾਭਦਾਇਕ ਉਦਮ ਹਨ ਜਿਸ ਵਿੱਚ ਪੇਂਡੂ ਖੇਤਰਾਂ ਨੂੰ ਸਵੈ-ਰੁਜ਼ਗਾਰ, ਉਦਮਤਾ ਅਤੇ ਆਮਦਨ ਪ੍ਰਦਾਨ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਸੰਬੰਧੀ ਬੱਕਰੀ ਅਤੇ ਭੇਡ ਪਾਲਣ ਦੇ ਵਾਧਿਆਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਵਿਉਂਤਬੱਧ ਢੰਗ ਨਾਲ ਕੀਤਾ ਇਹ ਕਿੱਤਾ ਚੰਗਾ ਲਾਭਕਾਰੀ ਹੈ। ਡਾ. ਜਸਵਿੰਦਰ ਸਿੰਘ, ਮੁਖੀ ਅਤੇ ਕੋਰਸ ਨਿਰਦੇਸ਼ਕ ਨੇ ਕਿਹਾ ਕਿ ਸਿਖਲਾਈ ਪ੍ਰੋਗਰਾਮ ਵਿੱਚ ਭਾਸ਼ਣ ਆਧਾਰਿਤ ਗਿਆਨ ਦੇ ਨਾਲ ਵਿਹਾਰਕ ਗਿਆਨ ਵੀ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਬੱਕਰੀ ਫਾਰਮ, ਪਸ਼ੂਧਨ ਉਤਪਾਦ ਤੇ ਤਕਨਾਲੋਜੀ ਵਿਭਾਗ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦਾ ਪ੍ਰਦਰਸ਼ਨੀ ਦੌਰਾ ਵੀ ਕਰਵਾਇਆ ਗਿਆ ਜਿਸ ਨਾਲ ਉਨ੍ਹਾਂ ਨੂੰ ਬੁਨਿਆਦੀ ਗਿਆਨ ਤੋਂ ਲੈ ਕੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਤਕ ਜਾਣਕਾਰੀ ਪ੍ਰਾਪਤ ਹੋਈ। ਬੱਕਰੀ ਪਾਲਣ ਦੀ ਮਹੱਤਤਾ, ਉਨ੍ਹਾਂ ਦੀਆਂ ਨਸਲਾਂ, ਸ਼ੈਡ ਪ੍ਰਬੰਧਨ, ਪ੍ਰਜਣਨ ਤਕਨੀਕਾਂ, ਖੁਰਾਕੀ ਲੋੜਾਂ, ਮੌਸਮੀ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਿਸ਼ੇਸ਼ ਦੌਰਾ ਵੀ ਕੀਤਾ ਗਿਆ ਜਿਥੇ ਕਿਸਾਨਾਂ ਨੂੰ ਏਕੀਕ੍ਰਿਤ ਖੇਤੀ ਪ੍ਰਣਾਲੀ ਬਾਰੇ ਜਾਣੂ ਕਰਵਾਇਆ ਗਿਆ।ਸਿਖਲਾਈ ਪ੍ਰੋਗਰਾਮ ਦਾ ਤਾਲਮੇਲ ਡਾ. ਰਾਜੇਸ਼ ਕਸਰੀਜਾ ਵੱਲੋਂ ਵਿਦਿਆਰਥੀ ਸੰਯੋਜਕ ਡਾ. ਹਰਯੁਵਰਾਜ ਸਿੰਘ ਬੇਦੀ ਦੇ ਸਹਿਯੋਗ ਨਾਲ ਕੀਤਾ ਗਿਆ। ਸਿੱਖਿਆਰਥੀਆਂ ਨੇ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਹੋਇਆਂ ਆਪਣੇ ਤਜਰਬੇ ਵੀ ਸਾਂਝੇ ਕੀਤੇ।
--