- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ’ਚ ਇੱਟ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲਾ 4 ਦਿਨ ਦੇ ਪੁਲਿਸ ਰਿਮਾਂਡ ’ਤੇ

-ਚਾਦਰ ’ਚ ਲਪੇਟ ਕੇ ਮੋਢੇ ’ਤੇ ਚੁੱਕ ਕੇ ਬੁੱਢੇ ਦਰਿਆ ਵੱਲ ਜਾਂਦੇ ਨੂੰ ਕੀਤਾ ਸੀ ਕਾਬੂ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ,ਲੁਧਿਆਣਾ
ਨਸ਼ੇ ਦੀ ਹਾਲਤ ਵਿੱਚ ਝਗੜੇ ਦੌਰਾਨ ਇੱਟ ਮਾਰ ਕੇ 24 ਸਾਲਾ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਹਰਸ਼ ਕੁਮਾਰ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀ ਮੰਗ ’ਤੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਰਿਮਾਂਡ ਦੌਰਾਨ ਕਤਲ ਦੀ ਵਜ੍ਹਾ, ਘਟਨਾ ਨਾਲ ਜੁੜੇ ਹੋਰ ਤੱਥਾਂ ਅਤੇ ਮ੍ਰਿਤਕ ਦੀ ਪਛਾਣ ਸਬੰਧੀ ਪੁੱਛਗਿੱਛ ਕਰੇਗੀ।
ਏਸੀਪੀ ਇੰਡਸਟਰੀਅਲ ਏਰੀਆ-ਏ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ 5 ਅਗਸਤ ਨੂੰ ਉਹ ਨਸ਼ੇ ਦੀ ਹਾਲਤ ਵਿੱਚ ਸੀ। ਇਸੇ ਦੌਰਾਨ ਉਸ ਦਾ ਮ੍ਰਿਤਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਵਧਣ ’ਤੇ ਹਰਸ਼ ਨੇ ਇੱਟ ਨਾਲ ਨੌਜਵਾਨ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਬੈੱਡਸ਼ੀਟ ਵਿੱਚ ਲਪੇਟ ਦਿੱਤਾ। ਇਸ ਤੋਂ ਬਾਅਦ ਉਹ ਲਾਸ਼ ਨੂੰ ਮੋਢੇ ’ਤੇ ਚੁੱਕ ਕੇ ਕਰੀਬ ਇੱਕ ਕਿਲੋਮੀਟਰ ਦੂਰ ਬੁੱਢੇ ਨਾਲੇ ਵਿੱਚ ਸੁੱਟਣ ਲਈ ਨਿਕਲ ਪਿਆ। ਉਹ ਲਾਸ਼ ਨੂੰ ਟਿੱਬਾ ਦੇ ਨਿਊ ਸ਼ਕਤੀ ਨਗਰ ਇਲਾਕੇ ਤੱਕ ਲੈ ਗਿਆ, ਪਰ ਅੱਗੇ ਨਾ ਜਾ ਸਕਣ ਕਾਰਨ ਲਾਸ਼ ਨੂੰ ਗਲੀ ਵਿੱਚ ਹੀ ਛੱਡ ਕੇ ਫਰਾਰ ਹੋ ਗਿਆ।
6 ਅਗਸਤ ਦੀ ਸਵੇਰ ਇਲਾਕੇ ਦੇ ਇਕ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਬੈੱਡਸ਼ੀਟ ਵਿੱਚ ਲਪੇਟੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਲਾਸ਼ ਦੇ ਸਿਰ ਅਤੇ ਮੂੰਹ ’ਤੇ ਕਾਫ਼ੀ ਖੂਨ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਥਾਣਾ ਟਿੱਬਾ ਪੁਲਿਸ ਨੇ 7 ਅਗਸਤ ਨੂੰ ਬੀਐਨਐਸ ਦੀਆਂ ਧਾਰਾਵਾਂ 103 ਅਤੇ 238 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਥਾਣਾ ਟਿੱਬਾ ਦੇ ਇੰਚਾਰਜ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਫੁਟੇਜ ਦੇ ਆਧਾਰ ’ਤੇ ਪੁਲਿਸ ਹਰਸ਼ ਕੁਮਾਰ ਤੱਕ ਪਹੁੰਚੀ ਅਤੇ 8 ਅਗਸਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਸ ਦੀ ਮੁਲਾਕਾਤ ਮ੍ਰਿਤਕ ਨਾਲ ਹੋਈ ਸੀ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਨੇ ਆਪਣਾ ਨਾਮ ਹ੍ਰਿਤਿਕ ਦੱਸਿਆ ਸੀ। ਉਸ ਕੋਲ ਮ੍ਰਿਤਕ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਚਾਰ ਦਿਨਾ ਪੁਲਿਸ ਰਿਮਾਂਡ ਦੌਰਾਨ ਪੁਲਿਸ ਵੱਲੋਂ ਕਤਲ ਵਿੱਚ ਵਰਤੀ ਗਈ ਇੱਟ ਤੇ ਘਟਨਾ ਨਾਲ ਜੁੜੇ ਹੋਰ ਸਬੂਤਾਂ ਬਾਰੇ ਵੀ ਪੁੱਛਗਿੱਛ ਜਾਰੀ ਹੈ।