- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਅਤੇ ਰੋਪੜ ਦੇ ਰਾਸ਼ਟਰੀ ਸੂਚਨਾ ਤਕਨਾਲੋਜੀ ਸੰਸਥਾਨ ਵਿਚਾਲੇ ਸੰਧੀ

ਫੋਟੋ ਨੰਬਰ-21
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਨੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਬਾਰੇ ਰਾਸ਼ਟਰੀ ਸੰਸਥਾਨ ਰੋਪੜ ਨਾਲ ਵਿਸ਼ੇਸ਼ ਸਮਝੌਤੇ ਉਪਰ ਦਸਤਖਤ ਕੀਤੇ ਹਨ। ਇਸ ਸਮਝੌਤੇ ਮੁਤਾਬਿਕ ਖੇਤੀ ਖੇਤਰ ਵਿਚ ਡਿਜੀਟਲ ਵਰਤੋਂ, ਮਸਨੂਈ ਬੁੱਧੀ, ਬਾਰੀਕ ਕਾਸ਼ਤਕਾਰੀ, ਰੋਬੋਟਿਕਸ ਅਤੇ ਸਵੈ ਸੰਚਾਲਨ ਦੇ ਨਾਲ-ਨਾਲ ਸੰਵਾਦ ਸੈਸਿੰਗ ਤਕਨਾਲੋਜੀਆਂ ਵਧਾਉਣ ਲਈ ਸਾਂਝੇ ਯਤਨਾਂ ਸਦਕਾ ਖੋਜ ਤੇ ਸਮਰਥਾ ਦਾ ਵਿਕਾਸ ਕੀਤਾ ਜਾਵੇਗਾ। ਪੀਏਯੂ. ਵੱਲੋਂ ਇਸ ਸਮਝੌਤੇ ਦੌਰਾਨ ਉੱਚ ਅਧਿਕਾਰੀ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਡਾ. ਰਿਸ਼ੀਪਾਲ ਸਿੰਘ ਰਜਿਸਟਰਾਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ, ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀਪੀ ਸੇਠੀ ਅਤੇ ਨੈਨੋ ਤਕਨਾਲੋਜੀ ਦੇ ਵਿਗਿਆਨੀ ਡਾ. ਐੱਮਐੱਸ ਸਿੱਧੂ ਮੌਜੂਦ ਸਨ। ਰੋਪੜ ਦੇ ਸੰਸਥਾਨ ਵੱਲੋਂ ਕਾਰਜਕਾਰੀ ਨਿਰਦੇਸ਼ਕ ਦੀਪਕ ਵਾਸਨ, ਰਜਿਸਟਰਾਰ ਡਾ. ਮਨੀਸ਼ ਅਰੋੜਾ ਅਤੇ ਵਿਗਿਆਨੀ ਜਸਵੀਰ ਸਿੰਘ ਮੌਜੂਦ ਰਹੇ। ਸਮਝੌਤੇ ਦੀਆਂ ਸ਼ਰਤਾਂ ਉੱਪਰ ਡਾ. ਰਿਸ਼ੀਪਾਲ ਸਿੰਘ ਰਜਿਸਟਰਾਰ ਪੀਏਯੂ. ਤੇ ਰੋਪੜ ਸੰਸਥਾਨ ਦੇ ਨਿਰਦੇਸ਼ਕ ਦੀਪਕ ਵਾਸਨ ਨੇ ਸਹੀ ਪਾਈ। ਇਸ ਮੌਕੇ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਸ਼ੇਸ਼ ਸੰਦੇਸ਼ ਵਿੱਚ ਕਿਹਾ ਕਿ ਪੀਏਯੂ ਦੇਸ਼-ਵਿਦੇਸ਼ ਦੀਆਂ ਸਿਖਰਲੀਆਂ ਵਿਗਿਆਨਕ ਸੰਸਥਾਵਾਂ ਨਾਲ ਸਾਂਝ ਅਤੇ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹੈ। ਇਸੇ ਸਿਲਸਿਲੇ ਵਿੱਚ ਓਹਾਈਓ ਯੂਨੀਵਰਸਿਟੀ, ਸਿਮਟ ਅਤੇ ਆਈਆਰਆਰਆਈ ਨਾਲ ਸਹਿਯੋਗ ਅੱਗੇ ਵਧਾਇਆ ਗਿਆ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਖੇਤੀਬਾੜੀ ਵਿੱਚ ਡਿਜੀਟਲ ਢੰਗਾਂ ਦੀ ਵਰਤੋਂ ਵਧਾਉਣ ਲਈ ਅਤੇ ਖੇਤੀ ਨੂੰ ਵਿਗਿਆਨਕ ਤਰੀਕਿਆਂ ਨਾਲ ਭਰਪੂਰ ਕਰਨ ਲਈ ’ਵਰਸਿਟੀ ਨੇ ਨਿਰੰਤਰ ਯਤਨ ਕੀਤੇ ਹਨ। ਨਵੇਂ ਯੁੱਗ ਦੇ ਕਿਸਾਨਾਂ ਨੂੰ ਖੇਤੀ ਦੇ ਬੇਹੱਦ ਅਗਾਂਹਵਧੂ ਤਰੀਕਿਆਂ ਤੋਂ ਜਾਣੂ ਕਰਵਾਉਣ ਲਈ ਯੂਨੀਵਰਸਿਟੀ ਹਰ ਸੰਭਵ ਸਹਿਯੋਗ ਕਰੇਗੀ| ਇਸ ਪੱਖੋਂ ਅੱਜ ਦਾ ਇਹ ਸਮਝੌਤਾ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਪੰਜਾਬ ਅਤੇ ਭਾਰਤ ਦੀ ਖੇਤੀ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਇਤਿਹਾਸ ਰੇਖਾ ਨੂੰ ਅੰਕਿਤ ਕਰਦਿਆਂ ਭੋਜਨ ਸੁਰੱਖਿਆ ਅਤੇ ਸਥਿਰ ਖੇਤੀਬਾੜੀ ਲਈ ਕੀਤੇ ਯਤਨਾਂ ਦਾ ਹਵਾਲਾ ਦਿੱਤਾ। ਉਨਾਂ ਕਿਹਾ ਕਿ 991 ਫਸਲਾਂ ਦੀਆਂ ਕਿਸਮਾਂ ਦੀ ਖੋਜ ਪਿਛਲੇ ਪੰਜ ਦਹਾਕਿਆਂ ਦੌਰਾਨ ਕਰਕੇ ਯੂਨੀਵਰਸਿਟੀ ਨੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ। ਡਾ. ਢੱਟ ਨੇ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਨ ਪੱਖੀ ਖੇਤੀ ਦੇ ਨਾਲ-ਨਾਲ ਪੋਸ਼ਣ ਸੁਰੱਖਿਆ ਵੱਲ ਯੂਨੀਵਰਸਿਟੀ ਖੋਜ ਦਾ ਧਿਆਨ ਸੇਧਤ ਹੈ। ਰੋਪੜ ਦੇ ਸੰਸਥਾਨ ਨਾਲ ਹੋਣ ਵਾਲਾ ਅੱਜ ਦਾ ਸਮਝੌਤਾ ਡਿਜੀਟਲ ਖੇਤੀਬਾੜੀ ਬਾਰੇ ਦੋਵਾਂ ਸੰਸਥਾਵਾਂ ਦੀ ਸਮਝ ਅਤੇ ਗਿਆਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਸਾਬਿਤ ਹੋਵੇਗਾ। ਇਸ ਮੌਕੇ ਹੋਈ ਇਕੱਤਰਤਾ ’ਚ ਸ਼ਾਮਲ ਹੋਏ ਪਤਵੰਤਿਆਂ ਦਾ ਸਵਾਗਤ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਕੀਤਾ। ਅੰਤ ਵਿੱਚ ਡਾ. ਵੀਪੀ ਸੇਠੀ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ। ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।