ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਮੁੜ ਭਿੜੀਆਂ ਦੋ ਧਿਰਾਂ, ਇੱਟਾਂ-ਪੱਥਰ ਚੱਲੇ ਸਿਵਲ ਹਸਪਤਾਲ ਦੀ ਐਮਰਜੈਂਸੀ ਬਾਹਰ ਮੁੜ ਭਿੜੀਆਂ ਦੋ ਧਿਰਾਂ, ਇੱਟਾਂ-ਪੱਥਰ ਚੱਲੇ
Publish Date: Sat, 08 Aug 2026 07:54 PM (IST)
Updated Date: Sun, 09 Aug 2026 04:06 AM (IST)
- ਮੋਤੀ ਨਗਰ ਦੀ ਲੜਾਈ ਮਗਰੋਂ ਮੈਡੀਕਲ ਕਰਵਾਉਣ ਆਏ ਸੀ ਦੋਵੇਂ ਪੱਖ - ਹਸਪਤਾਲ ਦੀ ਸੁਰੱਖਿਆ ’ਤੇ ਮੁੜ ਉੱਠੇ ਗੰਭੀਰ ਸਵਾਲ ਫ਼ੋਟੋ ਨੰਬਰ-45, 46 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮੋਤੀ ਨਗਰ ਇਲਾਕੇ ’ਚ ਦੋ ਧਿਰਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਮੈਡੀਕਲ ਕਰਵਾਉਣ ਲਈ ਲੁਧਿਆਣਾ ਸਿਵਲ ਹਸਪਤਾਲ ਪੁੱਜੇ ਦੋਵੇਂ ਪੱਖ ਇੱਥੇ ਵੀ ਮੁੜ ਆਹਮੋ-ਸਾਹਮਣੇ ਹੋ ਗਏ। ਐਮਰਜੈਂਸੀ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਇੱਟਾਂ-ਪੱਥਰ ਚੱਲਣ ਲੱਗ ਪਏ ਅਤੇ ਕੁੱਝ ਸਮੇਂ ਲਈ ਹਸਪਤਾਲ ’ਚ ਮਾਹੌਲ ਤਣਾਅਪੂਰਨ ਬਣ ਗਿਆ। ਘਟਨਾ ਨੇ ਸਿਵਲ ਹਸਪਤਾਲ ’ਚ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਦੀ ਪਹਿਲਾਂ ਮੋਤੀ ਨਗਰ ਇਲਾਕੇ ’ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਇਸ ਤੋਂ ਬਾਅਦ ਦੋਵੇਂ ਪੱਖ ਆਪਣਾ-ਆਪਣਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ। ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਦੋਵੇਂ ਧਿਰਾਂ ਮੁੜ ਆਹਮੋ-ਸਾਹਮਣੇ ਹੋ ਗਈਆਂ ਤੇ ਰੰਜਿਸ਼ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਤੇ ਦੋਵਾਂ ਪਾਸਿਆਂ ਵੱਲੋਂ ਇੱਟਾਂ-ਪੱਥਰ ਚਲਾਏ ਜਾਣ ਲੱਗੇ। ਇਸ ਦੌਰਾਨ ਐਮਰਜੈਂਸੀ ਦੇ ਬਾਹਰ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਹਸਪਤਾਲ ਵਰਗੀ ਸੰਵੇਦਨਸ਼ੀਲ ਥਾਂ ’ਤੇ ਦੋ ਧਿਰਾਂ ਵੱਲੋਂ ਇਸ ਤਰ੍ਹਾਂ ਇਕ-ਦੂਜੇ ’ਤੇ ਹਮਲਾ ਕਰਨਾ ਸੁਰੱਖਿਆ ਪ੍ਰਬੰਧਾਂ ’ਤੇ ਵੱਡਾ ਸਵਾਲ ਹੈ। ਹਸਪਤਾਲ ਅੰਦਰ ਪੁਲਿਸ ਚੌਕੀ, ਫਿਰ ਵੀ ਸੁਰੱਖਿਆ ’ਤੇ ਸਵਾਲ ਖਾਸ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਅੰਦਰ ਹੀ ਥਾਣਾ-2 ਅਧੀਨ ਪੁਲਿਸ ਚੌਕੀ ਮੌਜੂਦ ਹੈ। ਇਸ ਦੇ ਬਾਵਜੂਦ ਹਸਪਤਾਲ ਦੇ ਬਾਹਰ ਐਮਰਜੈਂਸੀ ਦੇ ਸਾਹਮਣੇ ਦੋ ਧਿਰਾਂ ਦਾ ਮੁੜ ਭਿੜ ਜਾਣਾ ਚਿੰਤਾ ਦਾ ਵਿਸ਼ਾ ਹੈ। ਸਿਵਲ ਹਸਪਤਾਲ ’ਚ ਪਹਿਲਾਂ ਵੀ ਝਗੜਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਮਾਮਲਿਆਂ ’ਚ ਤਾਂ ਹੰਗਾਮਾ ਕਰਨ ਵਾਲੇ ਲੋਕ ਐਮਰਜੈਂਸੀ ਅੰਦਰ ਤੱਕ ਪਹੁੰਚ ਕੇ ਡਾਕਟਰਾਂ ਅਤੇ ਸਟਾਫ਼ ਨਾਲ ਬਦਸਲੂਕੀ ਕਰ ਚੁੱਕੇ ਹਨ। ਹਸਪਤਾਲ ’ਚ ਹਰ ਸਮੇਂ ਗੰਭੀਰ ਹਾਲਤ ਵਾਲੇ ਮਰੀਜ਼, ਬਜ਼ੁਰਗ, ਬੱਚੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਰਹਿੰਦੇ ਹਨ। ਅਜਿਹੇ ’ਚ ਹਸਪਤਾਲ ਦੇ ਬਾਹਰ ਜਾਂ ਅੰਦਰ ਲੜਾਈ-ਝਗੜੇ ਅਤੇ ਇੱਟਾਂ-ਪੱਥਰ ਚੱਲਣ ਦੀਆਂ ਘਟਨਾਵਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਮਰੀਜ਼ਾਂ ਤੇ ਡਾਕਟਰਾਂ ਦੀ ਸੁਰੱਖਿਆ ਲਈ ਸਖ਼ਤੀ ਦੀ ਲੋੜ ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਿਵਲ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਖਾਸ ਕਰ ਕੇ ਐਮਰਜੈਂਸੀ ਦੇ ਬਾਹਰ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ, ਸੀਸੀਟੀਵੀ ਦੀ ਨਿਗਰਾਨੀ ਅਤੇ ਝਗੜਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣੀ ਜ਼ਰੂਰੀ ਹੈ। ਹਸਪਤਾਲ ਇਲਾਜ ਲਈ ਆਉਣ ਵਾਲੇ ਲੋਕਾਂ ਲਈ ਸੁਰੱਖਿਅਤ ਥਾਂ ਹੋਣਾ ਚਾਹੀਦਾ ਹੈ, ਨਾ ਕਿ ਅਜਿਹੀ ਜਗ੍ਹਾ ਜਿੱਥੇ ਮਰੀਜ਼ਾਂ ਅਤੇ ਡਾਕਟਰਾਂ ਦੇ ਸਾਹਮਣੇ ਹੀ ਧੜੇਬੰਦੀ ਤੇ ਹਿੰਸਾ ਹੋਵੇ। ਇਸ ਲਈ ਪ੍ਰਸ਼ਾਸਨ ਤੇ ਪੁਲਿਸ ਨੂੰ ਅਜਿਹੀਆਂ ਘਟਨਾਵਾਂ ’ਤੇ ਸਖ਼ਤੀ ਨਾਲ ਨਕੇਲ ਕੱਸਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੱਡੀ ਅਣਸੁਖਾਵੀਂ ਘਟਨਾ ਨਾ ਵਾਪਰੇ। ਉਧਰੋਂ ਇਸ ਮਾਮਲੇ ’ਚ ਪੁਲਿਸ ਦਾ ਕਹਿਣਾ ਹੈ ਕਿ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ।