‘ਮੇਲਾ ਧੀਆਂ ਦਾ, ਸਬੱਬ ਤੀਆਂ ਦਾ’ ਮੇਲਾ ਯਾਦਗਾਰੀ ਹੋ ਨਿਬੜਿਆ ‘ਮੇਲਾ ਧੀਆਂ ਦਾ, ਸਬੱਬ ਤੀਆਂ ਦਾ’ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Sat, 08 Aug 2026 07:37 PM (IST)
Updated Date: Sun, 09 Aug 2026 04:05 AM (IST)
ਫੋਟੋ ਨੰਬਰ-25 * ਯੂਥ ਨੂੰ ਆਪਣੇ ਵਿਰਸੇ ਤੇ ਸਭਿਆਚਾਰਕ ਪਿਛੋਕੜ ਬਾਰੇ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ : ਡਾ. ਗਰੇਵਾਲ ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣ : ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਵਿਖੇ ਤੀਆਂ ਦੇ ਤਿਉਹਾਰ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਕਾਲਜ ਦੇ ਵਿਹੜੇ ’ਚ ਖੂਬ ਰੌਣਕ ਲਾਈ। ਪੰਜਾਬ ਦੀ ਵਿਰਾਸਤ, ਕਲਾ, ਸਭਿਆਚਾਰ, ਰੀਤੀ ਰਿਵਾਜਾਂ ਦੀ ਖੁਸ਼ਬੂ ਨੂੰ ਬਿਖੇਰਦੇ ਹੋਏ ਕਾਲਜ ਕੈਂਪਸ ’ਚ ਲਗਾਏ ਮੇਲੇ ਵਿਚ ਸਮੂਹ ਕਾਲਜ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ਵਿੱਚ ਝੂਮਦਾ ਨਜ਼ਰ ਆਇਆ। ਇਸ ਮੇਲੇ ਵਿੱਚ ਡਾ. ਸੁਨੀਤਾ ਧੀਰ ਪੰਜਾਬੀ ਅਭਿਨੇਤਰੀ ਤੇ ਪ੍ਰੋਫੈਸਰ, ਥੀਏਟਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ, ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡਾ .ਹਰਿੰਦਰ ਹੁੰਦਲ ਵਿਸ਼ੇਸ਼ ਮਹਿਮਾਨ ਵਜੋਂ, ਕਾਲਜ ਪ੍ਰਬੰਧਕ ਕਮੇਟੀ ਦੀਆਂ ਉੱਘੀਆਂ ਸ਼ਖਸੀਅਤਾਂ ਕੁਸ਼ਲ ਢਿੱਲੋਂ, ਰਵਿੰਦਰ ਕੌਰ, ਮਨਮੀਤ ਗਰੇਵਾਲ , ਕਾਲਜ ਡਾਇਰੈਕਟਰ ਡਾ ਮੁਕਤੀ ਗਿੱਲ ਦੇ ਨਾਲ-ਨਾਲ ਰਿਟਾਇਰਜ਼ ਅਧਿਆਪਕ ਆਦਿ ਹਾਜ਼ਰ ਹੋਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਡਾਇਰੈਕਟਰ, ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸਭਿਆਚਾਰਕ ਪਿਛੋਕੜ ਬਾਰੇ ਜਾਣੂੰ ਕਰਵਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥਣਾਂ ਨੇ ਲੰਮੀ ਹੇਕ ਵਾਲੇ ਗੀਤ ਗਾ ਕੇ ਅਤੇ ਪੰਜਾਬੀ ਵਿਰਾਸਤੀ ਖੇਡਾਂ ਖੇਡ ਕੇ ਕਾਲਜ ਵਿੱਚ ਪੁਰਾਤਨ ਵਿਰਸੇ ਨੂੰ ਬਰਕਰਾਰ ਰੱਖਿਆ। ਕਾਲਜ ਦੇ ਵਿਹੜੇ ’ਚ ਲੋਕ ਗੀਤ, ਲੋਕ ਤਮਾਸ਼ਾ ਅਤੇ ਗਿੱਧਾ ਆਦਿ ਦੇ ਨਾਲ-ਨਾਲ ਲੋਕ ਗਾਇਕਾ ਡਾ ਹਰਿੰਦਰ ਹੁੰਦਲ ਨੇ ਲੋਕ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਡਾ. ਹੁੰਦਲ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਤੀਆਂ ਦੇ ਮੇਲੇ ਨੂੰ ਚਾਰ ਚੰਨ ਲਾਏ। ਇਸ ਮੇਲੇ ਵਿਚ ਮਿਸ ਤੀਜ ਦਾ ਖਿਤਾਬ ਮਨਮੀਤ ਕੌਰ, ਐੱਮਏ ਭਾਗ ਦੂਜਾ ਅੰਗਰੇਜ਼ੀ ਨੂੰ, ਗਿੱਧਿਆਂ ਦੀ ਰਾਣੀ ਦਾ ਖਿਤਾਬ ਸਿਮਰਦੀਪ ਕੌਰ, ਐਮਏ ਭਾਗ ਪਹਿਲਾ ਇਤਿਹਾਸ ਨੂੰ ਮਿਲਿਆ। ਕਾਲਜ ਦੇ ਮੇਨ ਹਾਲ ’ਚ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ। ਕਾਲਜ ਦੀਆਂ ਵਿਦਿਆਰਥਣਾਂ ਨੇ ਖਿੜਖਿੜਾਉਦੇ ਚਿਹਰਿਆਂ ਨਾਲ ਮੁਖ ਮਹਿਮਾਨਾਂ ਦਾ ਪੰਜਾਬੀ ਬੋਲੀਆਂ, ਪੀਂਘਾਂ ਝੂਟਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਚਰਖਾ, ਕਸੀਦਾ ਕੱਢਦੀਆਂ ਮੁਟਿਆਰਾਂ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ। ਕਾਲਜ ਦੇ ਮੇਨ ਹਾਲ ਵਿਚ ਵਿਰਾਸਤੀ ਕਲਾ ਮੁਕਾਬਲੇ ਕਰਵਾਏ ਗਏ ਤੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ। ਮੇਲੇ ਵਿੱਚ ਵੱਖ-ਵੱਖ ਪਕਵਾਨਾਂ, ਸਾਜ ਸਜਾਵਟ ਤੇ ਹਾਰ ਸ਼ਿੰਗਾਰ ਦੇ ਸੁੰਦਰ ਸਟਾਲ ਵੀ ਲਗਾਏ ਗਏ।