- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜਾ ਸਿੰਘ ਸੁਤੰਤਰ ਸਕੂਲ ਵਿੱਚ ਤੀਜ ਦੇ ਰੰਗਾਂ ਨੇ ਬਿਖੇਰੀ ਪੰਜਾਬੀ ਸੱਭਿਆਚਾਰ ਦੀ ਮਹਿਕ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ : ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ, ਸਕੂਲ, ਸ਼ਿਮਲਾਪੁਰੀ ਵਿੱਚ ਪੰਜਾਬ ਦੇ ਰਵਾਇਤੀ ਤਿਉਹਾਰ ਤੀਆਂ ਨੂੰ ਬਹੁਤ ਹੀ ਖੁਸ਼ੀ ਉਤਸ਼ਾਹ ਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਵਿਰਸੇ ਦੀ ਮਹਿਕ ਨਾਲ ਭਰ ਗਿਆ। ਵਿਦਿਆਰਥਣਾਂ ਨੇ ਰੰਗ-ਬਿਰੰਗੇ ਪੰਜਾਬੀ ਸੂਟ ਫੁਲਕਾਰੀਆਂ , ਚੂੜੀਆਂ ਤੇ ਮਹਿੰਦੀ ਨਾਲ ਸੱਜ ਕੇ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ। ਮੇਲੇ ਦਾ ਆਰੰਭ ਪਰਮਾਤਮਾ ਨੂੰ ਯਾਦ ਕਰਦਿਆਂ ਉਸਦੀ ਸਿਫ਼ਤ ਵਿੱਚ “ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ” ਸ਼ਬਦ ਨਾਲ ਕੀਤਾ ਗਿਆ। ਇਸ ਉਪਰੰਤ ਵਿਦਿਆਰਥਣਾਂ ਨੇ ਗਿੱਧਾ , ਬੋਲੀਆਂ , ਲੋਕ-ਗੀਤ , ਨਾਚ ਆਦਿ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨਿਆ। ਸੱਭਿਆਚਾਰ ਨਾਲ ਸੰਬੰਧਿਤ ‘ਮਹਿੰਦੀ, ਕਰੋਸ਼ੀਆ, ਮੀਢੀਆਂ ਗੁੰਦਣਾ, ਹੱਥ ਦੀ ਕਢਾਈ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ’ਚ ਮਿਸ ਤੀਜ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10 2 ਦੀ ਮਿਸ ਬਲਪ੍ਰੀਤ ਕੌਰ ਨੇ ਮਿਸ ਤੀਜ, ਮਿਸ ਚਾਂਦਨੀ ਨੇ ਰਨਰ-ਅੱਪ, ਮਿਸ ਸਾਕਸ਼ੀ ਨੇ ਟੌਰ ਪੰਜਾਬਣ ਦੀ, ਮਿਸ ਸਿਮਰਜੀਤ ਕੌਰ ਨੇ ਤੋਰ ਮਜਾਜਣ ਦੀ ਅਤੇ ਮਿਸ ਲਵਪ੍ਰੀਤ ਕੌਰ ਨੇ ਦਿਲਕਸ਼ ਮੁਸਕਾਨ ਦਾ ਖਿਤਾਬ ਜਿੱਤਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈਜ਼ੀਡੈਂਟ ਗੁਰਪਾਲ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਪੰਜਾਬੀ ਵਿਰਾਸਤ ਨੂੰ ਸੰਭਾਲਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੀ ਮਾਂ-ਬੋਲੀ, ਸਭਿਆਚਾਰ ਅਤੇ ਰੀਤੀ ਰਿਵਾਜਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਿਦਿਆਰਥਣਾਂ ਦੁਆਰਾ ਕੀਤੀਆ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ।
ਇਸ ਮੌਕੇ ਪ੍ਰਿੰਸੀਪਲ ਹਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ ਰਸਮ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਪਿਆਰ ਤੇ ਖੁਸ਼ਹਾਲ ਜੀਵਨ ਦਾ ਪ੍ਰਤੀਕ ਹੈ। ਅਜਿਹੇ ਸੱਭਿਆਚਾਰਕ ਸਮਾਗਮ ਸਾਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਉਹਨਾਂ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਦੇ ਅਤੇ ਇਕ ਵਧੀਆ ਇਨਸਾਨ ਬਣਨ ਲਈ ਕੀਮਤੀ ਸੁਝਾਅ ਦੱਸੇ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਸੁੰਦਰ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਫੁਲਕਾਰੀ, ਦਰੀਆਂ, ਖੇਸ , ਚਰਖਾ, ਮਧਾਣੀ ਅਤੇ ਹੋਰ ਰਵਾਇਤੀ ਵਸਤਾਂ ਨੂੰ ਬਹੁਤ ਹੀ ਖੁਬਸੂਰਤੀ ਨਾਲ ਸਜਾਇਆ ਗਿਆ। ਇਹ ਸਮਾਗਮ ਪੰਜਾਬੀ ਸੱਭਿਆਚਾਰ, ਪਰੰਪਰਾਵਾਂ ਅਤੇ ਧੀਆਂ ਦੇ ਸਨਮਾਨ ਨੂੰ ਸਮਰਪਿਤ ਇੱਕ ਯਾਦਗਾਰ ਤੇ ਪ੍ਰੇਰਨਾਦਾਇਕ ਉਪਰਾਲਾ ਸਾਬਿਤ ਹੋਇਆ।