- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ’ਚ ਗੂੰਜਿਆਂ ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਇਲਾਕੇ ਦੇ 50 ਹਜ਼ਾਰ ਕਾਰਖ਼ਾਨਿਆਂ ਤੇ 5 ਲੱਖ ਕਾਮਿਆਂ ਦਾ ਮੁੱਦਾ

-ਵਿਧਾਇਕ ਸਿੱਧੂ ਨੇ ਸੀਐੱਮ ਨੂੰ 10 ਸਾਲ ਦਾ ਸਮਾਂ ਦੇਣ ਤੇ ਸਨਅਤਕਾਰਾਂ ਨੇ ਸਨਅਤੀ ਖੇਤਰ ਐਲਾਨਣ ਦੀ ਕੀਤੀ ਮੰਗ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਵਿਧਾਨ ਸਭਾ ਵਿੱਚ ਹਲਕਾ ਆਤਮ ਨਗਰ ਦੇ ਮਿਕਸ ਲੈਂਡ ਯੂਜ਼ ਇਲਾਕੇ ਦੇ 72 ਮੁਹੱਲਿਆਂ ਵਿੱਚ ਸਥਿਤ 50 ਹਜ਼ਾਰ ਛੋਟੇ ਕਾਰਖ਼ਾਨੇਦਾਰਾਂ ਦੇ ਉਜੜਨ ਅਤੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ 5 ਲੱਖ ਕਾਮਿਆਂ ਦੇ ਬੇਰੁਜ਼ਗਾਰ ਹੋਣ ਦਾ ਮੁੱਦਾ ਗੂੰਜਿਆ। ਜ਼ੀਰੋ ਆਵਰ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਹ ਮੁੱਦਾ ਚੁੱਕਿਆ।
ਲੁਧਿਆਣਾ ਦੇ 72 ਮੁਹੱਲੇ ਅਜਿਹੇ ਹਨ ਜਿਨ੍ਹਾਂ ਨੂੰ ਮਿਕਸ ਲੈਂਡ ਯੂਜ਼ ਇਲਾਕਾ ਆਖਿਆ ਜਾਂਦਾ ਹੈ। ਇਹਨਾਂ ਇਲਾਕਿਆਂ ਵਿੱਚ ਕਾਰਖ਼ਾਨੇਦਾਰਾਂ ਨੇ 50 ਤੋੀ 200 ਗਜ਼ ਦੇ ਆਪਣੇ ਘਰਾਂ ਦੇ ਹੇਠਾਂ ਕਾਰਖ਼ਾਨੇ ਲਗਾਏ ਹੋਏ ਹਨ ਅਤੇ ਕਾਰਖ਼ਾਨੇ ਦੇ ਉਪੱਰ ਆਪਣੀ ਰਿਹਾਇਸ਼ ਰੱਖੀ ਹੋਈ ਹੈ। ਮਾਸਟਰ ਪਲਾਨ ਵਿੱਚ 10 ਸਤੰਬਰ 2026 ਤੱਕ ਮਿਕਸ ਲੈਂਡ ਯੂਜ਼ ਇਲਾਕੇ ਦੇ ਕਾਰਖ਼ਾਨੇਦਾਰਾਂ ਨੂੰ ਆਪਣੇ ਕਾਰਖ਼ਾਨੇ ਚਲਾਉਣ ਲਈ ਸਰਕਾਰੀਆਂ ਵਿਭਾਗਾਂ ਦੀਆਂ ਮੰਨਜ਼ੂਰੀਆਂ ਦਿੱਤੀਆਂ ਗਈਆਂ ਹਨ। ਜੇਕਰ ਸਰਕਾਰ ਨੇ ਰਾਹਤ ਪ੍ਰਦਾਨ ਨਾ ਕੀਤੀ ਅਤੇ ਇਸ ਇਲਾਕੇ ਨੂੰ ਉਦਯੋਗਿਕ ਖੇਤਰ ਨਾ ਐਲਾਨਿਆ, ਤਾਂ 50 ਹਜ਼ਾਰ ਕਾਰਖ਼ਾਨੇਦਾਰ ਤੇ ਇਹਨਾਂ ਵਿੱਚ ਕੰਮ ਕਰਦੇ 5 ਲੱਖ ਕਾਮਿਆਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ ਲਟਕ ਜਾਵੇਗੀ।
ਵਿਧਾਇਕ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਧਾਨ ਸਭਾ ਵਿੱਚ ਬੋਲਦਿਆਂ ਅਪੀਲ ਕੀਤੀ ਕਿ ਮਿਕਸ ਲੈਂਡ ਯੂਜ਼ ਇਲਾਕੇ ਦੇ ਕਾਰਖ਼ਾਨੇਦਾਰਾਂ ਨੂੰ 10 ਸਾਲ ਦਾ ਸਮਾਂ ਦਿੱਤਾ ਜਾਵੇ। ਤਾਂ ਜੋ ਉਹ ਆਪਣਾ, ਆਪਣੇ ਪਰਿਵਾਰਾਂ ਤੇ ਆਪਣੇ ਕਾਮਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ ਪੌਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਮਾਂ 10 ਸਤੰਬਰ 2026 ਨੂੰ ਸਮਾਪਤ ਹੋ ਰਿਹਾ ਹੈ, ਉਸ ਤੋਂ ਪਹਿਲਾਂ ਇਸ ਦੀ ਮਿਆਦ ਵਧਾਈ ਜਾਵੇ। ਜਦਕਿ ਦੂਸਰੇ ਪਾਸੇ ਉਦਯੋਗਪਤੀ ਸਮਾਂ ਦੇਣ ਦੀ ਬਜਾਏ ਇਸ ਇਲਾਕੇ ਨੂੰ ਪੱਕਾ ਉਦਯੋਗਿਕ ਇਲਾਕਾ ਐਲਾਨੇ ਜਾਣ ਦੀ ਮੰਗ ਕਰ ਰਹੇ ਹਨ।
-ਬਾਕਸ
-ਮੁੱਦਾ ਚੁੱਕਣ ਲਈ ਧੰਨਵਾਦ, ਪਰ ਉਦਯੋਗਿਕ ਇਲਾਕਾ ਐਲਾਨਿਆ ਜਾਵੇ
ਵਿਸ਼ਵਕਰਮਾ ਇੰਡਸਟਰੀਜ਼ ਦੇ ਐੱਮਡੀ ਤੇ ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ, ਸਮਾਲ ਸਕੇਲ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਯੂਸੀਪੀਐਮਏ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨਵਯੁੱਗ, ਆਲ ਟਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ, ਯੂਸੀਪੀਐਮਏ ਦੇ ਸਕੱਤਰ ਰਾਜਿੰਦਰ ਸਿੰਘ ਸਰਹਾਲੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਦੇ ਛੋਟੇ ਕਾਰਖ਼ਾਨੇਦਾਰਾਂ ਦਾ ਮੁੱਦਾ ਚੁੱਕਣ ਲਈ ਅਸੀਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਸਿੱਧੂ ਨੂੰ ਅਪੀਲ ਕਰਦੇ ਹਨ ਕਿ ਇਸ ਇਲਾਕੇ ਨੂੰ ਸਮਾਂ ਦੇਣ ਦੀ ਬਜਾਏ ਪੱਕਾ ਉਦਯੋਗਿਕ ਇਲਾਕਾ ਐਲਾਨਿਆ ਜਾਵੇ, ਤਾਂ ਜੋ 50 ਹਜ਼ਾਰ ਕਾਰਖ਼ੇਨਦਾਰਾਂ ਤੇ 5 ਲੱਖ ਕਾਮਿਆਂ ਦੇ ਸਿਰ ਤੋਂ ਉਜਾੜੇ ਦੀ ਤਲਵਾਰ ਹਮੇਸ਼ਾ ਲਈ ਹਟ ਜਾਵੇ।