- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲਾਂ ਘਰ ਨੂੰ ਬਾਹਰੋਂ ਕੀਤਾ ਬੰਦ, ਫਿਰ ਵਰਨਾ ਨੂੰ ਪੈਟਰੋਲ ਪਾ ਕੇ ਫੂਕਿਆ

- ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਖੌਫਨਾਕ ਕਰਤੂਤ
- ਪਰਿਵਾਰ ਘਰ ਅੰਦਰ ਫਸਿਆ, ਵਾਰਦਾਤ ਸੀਸੀਟੀਵੀ ’ਚ ਕੈਦ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਲੁਧਿਆਣਾ ਦੇ ਭਾਈ ਹਿੰਮਤ ਸਿੰਘ ਨਗਰ ਇਲਾਕੇ ’ਚ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਕਰਕੇ ਅੰਦਰ ਮੌਜੂਦ ਪਰਿਵਾਰ ਨੂੰ ਘਰ ’ਚ ਹੀ ਬੰਦ ਕਰ ਦਿੱਤਾ ਤੇ ਫਿਰ ਬਾਹਰ ਖੜ੍ਹੀ ਵਰਨਾ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਪੈਟਰੋਲ ਛਿੜਕ ਦਿੱਤਾ। ਅੱਗ ਲਗਾਉਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਕੁਝ ਹੀ ਸਮੇਂ ’ਚ ਕਾਰ ਧੂੰ-ਧੂੰ ਕਰਕੇ ਸੜਨ ਲੱਗੀ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕਾਰ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਜਦੋਂ ਇਹ ਵਾਰਦਾਤ ਹੋਈ, ਉਸ ਸਮੇਂ ਉਸ ਦਾ ਪੂਰਾ ਪਰਿਵਾਰ ਘਰ ਅੰਦਰ ਮੌਜੂਦ ਸੀ। ਬਾਹਰੋਂ ਦਰਵਾਜ਼ਾ ਬੰਦ ਹੋਣ ਕਾਰਨ ਪਰਿਵਾਰ ਦੇ ਮੈਂਬਰ ਤੁਰੰਤ ਘਰ ਤੋਂ ਬਾਹਰ ਨਹੀਂ ਨਿਕਲ ਸਕੇ। ਜਦੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਬਾਹਰ ਆਉਣ ਦਾ ਮੌਕਾ ਮਿਲਿਆ ਤਾਂ ਬਾਹਰ ਖੜ੍ਹੀ ਕਾਰ ਅੱਗ ਦੀ ਲਪੇਟ ਵਿੱਚ ਆ ਚੁੱਕੀ ਸੀ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੇਰ ਰਾਤ ਐਕਟਿਵਾ ਸਵਾਰ ਦੋ ਨੌਜਵਾਨ ਘਰ ਦੇ ਬਾਹਰ ਆਉਂਦੇ ਹਨ। ਦੋਵੇਂ ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਕਰਦੇ ਹਨ। ਇਸ ਤੋਂ ਬਾਅਦ ਕਾਰ ਕੋਲ ਜਾ ਕੇ ਉਸ ਦਾ ਸ਼ੀਸ਼ਾ ਤੋੜਿਆ ਜਾਂਦਾ ਹੈ ਅਤੇ ਕਾਰ ਅੰਦਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ ਹੈ। ਅੱਗ ਲਗਾਉਣ ਤੋਂ ਤੁਰੰਤ ਬਾਅਦ ਦੋਵੇਂ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਉਥੋਂ ਫਰਾਰ ਹੋ ਜਾਂਦੇ ਹਨ। ਕੁਝ ਹੀ ਪਲਾਂ ਵਿੱਚ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
-ਪੁਲਿਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਤੇਜ਼
ਥਾਣਾ ਦੁੱਗਰੀ ਦੇ ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਵੱਲੋਂ ਮੌਕੇ ਦੀ ਮੁਢਲੀ ਜਾਂਚ ਕੀਤੀ ਗਈ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਉਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਕੀਤੀ ਜਾ ਚੁੱਕੀ ਹੈ, ਪਰ ਸ਼ਿਕਾਇਤਕਰਤਾ ਵੱਲੋਂ ਅਜੇ ਤੱਕ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।