- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਕਲੱਬ ਲੇਡੀਜ਼ ਵਿੰਗ ਨੇ ਮਨਾਇਆ ਗਿਆ ਤੀਜ ਦਾ ਤਿਉਹਾਰ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਕਿੱਲ ਡਿਵੈਲਪਮੈਂਟ ਸੈਂਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ’ਵਰਸਿਟੀ, ਲੁਧਿਆਣਾ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੀਏਯੂ. ਕਿਸਾਨ ਕਲੱਬ ਲੇਡੀਜ਼ ਵਿੰਗ ਦਾ ਇੱਕ ਰੋਜ਼ਾ ਮਹੀਨਾਵਾਰ ਸਿਖਲਾਈ ਕੈਂਪ ਪਿੰਡ ਬੈਂਸ ਜ਼ਿਲ੍ਹਾ ਲੁਧਿਆਣਾ ਵਿਖੇ ਲਾਇਆ। ਇਸ ਮੌਕੇ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ(ਸਕਿੱਲ ਡਿਵੈਲਪਮੈਂਟ) ਤੇ ਕਿਸਾਨ ਕਲੱਬ (ਲੇਡੀਜ਼ ਵਿੰਗ) ਦੇ ਕੋਆਰਡੀਨੇਟਰ ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 300 ਕਿਸਾਨ ਬੀਬੀਆਂ ਨੇ ਭਾਗ ਲਿਆ। ਉਨਾਂ ਪੇਂਡੂ ਕਿਸਾਨ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਸੈਂਟਰ, ਪੀਏਯੂ, ਲੁਧਿਆਣਾ ਦੀ ਮੁੱਖ ਭੂਮਿਕਾ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮਨਮੀਤ ਬਰਾੜ ਭੁੱਲਰ, ਮੁਖੀ ਕੀਟ ਵਿਗਿਆਨ ਵਿਭਾਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕਿੱਲ ਡਿਵੈਲਪਮੈਂਟ ਸੈਂਟਰ, ਪੀਏਯੂ. ਵੱਲ਼ੋਂ ਉਲੀਕਿਆ ਇਹ ਪ੍ਰੋਗਰਾਮ ਇਕ ਨਿਵੇਕਲਾ ਉਪਰਾਲਾ ਹੈ ਜਿਸ ਰਾਹੀਂ ਵੱਧ ਤੋਂ ਵੱਧ ਕਿਸਾਨ ਬੀਬੀਆਂ ’ਵਰਸਿਟੀ ਨਾਲ ਜੁੜ ਸਕਣ।
ਇਸ ਮੌਕੇ ਡਾ. ਕੇਸ਼ਾਨੀ ਪੀਏਯੂ. ਨੇ ਪੀਣ ਵਾਲ਼ੇ ਪਾਣੀ ਨੂੰ ਟੈਸਟ ਕਰਨ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ. ਪ੍ਰੇਰਨਾ ਕਪਿਲਾ, ਡਿਜੀਟਲ ਬਾਜ਼ਾਰ ਅਤੇ ਈ-ਕਾਮਰਸ ਦੁਆਰਾ ਪੇਂਡੂ ਉੱਦਮੀਆਂ ਗ੍ਰਹਿਣੀਆਂ ਨੂੰ ਸਮਰੱਥ ਬਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਗਾਂਹਵਧੂ ਕਿਸਾਨ ਬੀਬੀਆਂ ਸਰਬਜੀਤ ਕੌਰ ਅਤੇ ਮਨਜੀਤ ਕੌਰ ਨੇ ਆਪਣੇ ਸਫ਼ਲ ਤਜ਼ਰਬੇ ਸਾਂਝੇ ਕੀਤੇ ਅਤੇ ਕਿਸਾਨ ਕਲੱਬ ਲੇਡੀਜ਼ ਵਿੰਗ ਦੇ ਮੈਂਬਰਾਂ ਵੱਲੋਂ ਤੀਆਂ ਦਾ ਤਿਉਹਾਰ ਵਿਸ਼ੇਸ਼ ਤੌਰ ’ਤੇ ਮਨਾਇਆ। ਪੇਂਡੂ ਸੁਆਣੀਆਂ ਨੇ ਹੱਥਾਂ ’ਤੇ ਮਹਿੰਦੀ ਲਗਾਕੇ, ਸਿਰ ’ਤੇ ਫੁਲਕਾਰੀ ਸਜਾਕੇ, ਹਰੀਆਂ-ਲਾਲ ਵੰਗਾਂ ਪਾ ਕੇ, ਬੋਲੀਆਂ ਤੇ ਗਿੱਧਾ ਪਾ ਕੇ ਇਹਨਾਂ ਪਲਾਂ ਨੂੰ ਯਾਦਗਾਰੀ ਬਣਾ ਦਿੱਤਾ।
ਡਾ. ਰੁਪਿੰਦਰ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਕਲੱਬ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਰਛਪਾਲ ਕੌਰ, ਭਗਵੰਤ ਕੌਰ, ਹਰਜਿੰਦਰ ਕੌਰ ਧੂਲਕੋਟ, ਚਰਨਜੀਤ ਕੌਰ ਗਿੱਲ ਅਤੇ ਜਗਵਿੰਦਰ ਕੌਰ ਨੇ ਕਲੱਬ ਦੇ ਅਗਾਂਹਵਧੂ ਮੈਂਬਰ ਪਰਮਜੀਤ ਕੌਰ ਗਿੱਲ ਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਕੁਲਵੀਰ ਕੌਰ, ਡਾ. ਪ੍ਰੇਰਨਾ ਕਪਿਲਾ, ਡਾ. ਕੇਸ਼ਾਨੀ, ਕੰਵਲਜੀਤ ਕੌਰ, ਕੁਲਦੀਪ ਕੌਰ, ਭੁਪਿੰਦਰ ਕੌਰ ਅਤੇ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।