- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਦੇ ਗ੍ਰੀਨ ਕਲੱਬ ਨੇ ਪੌਦੇ ਲਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ

ਫੋਟੋ ਨੰਬਰ-11
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ’ਵਰਸਿਟੀ ਵਿੱਚ ਚੱਲ ਰਹੀ ਰੁੱਖ ਲਗਾਓ ਮੁਹਿੰਮ ਤਹਿਤ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਗ੍ਰੀਨ ਕਲੱਬ ਵੱਲੋਂ ਜੀ ਪਲੱਸ 8 ਹੋਸਟਲ ਦੇ ਵਿਹੜੇ ਵਿੱਚ ਪੌਦੇ ਲਗਾਉਣ ਦਾ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਦਾ ਉਦੇਸ਼ ਯੂਨੀਵਰਸਿਟੀ ਕੈਂਪਸ ਦਾ ਹਰਿਆਵਲ ਖੇਤਰ ਵਧਾਉਣਾ ਤੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਬੂਟੇ ਲਾਉਣ ਦੀ ਮੁਹਿੰਮ ਦਾ ਉਦਘਾਟਨ ਕਾਲਜ ਦੇ ਡੀਨ ਡਾ. ਐੱਸਐੱਸ. ਰੰਧਾਵਾ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਾਇਕ ਸਟਾਫ਼ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਬੂਟੇ ਲਾ ਕੇ ਵਾਤਾਵਰਨ ਸੰਭਾਲ ਅਤੇ ਟਿਕਾਊ ਕੈਂਪਸ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਗ੍ਰੀਨ ਕਲੱਬ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ-ਬੂਟੇ ਲਾਉਣ ਲਈ ਪ੍ਰੇਰਿਆ। ਵਿਦਿਆਰਥੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਲਗਾਏ ਗਏ ਬੂਟਿਆਂ ਦੀ ਨਿਯਮਿਤ ਦੇਖਭਾਲ ਅਤੇ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਉਨ੍ਹਾਂ ਦਾ ਸਹੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਡਾ.ਰੰਧਾਵਾ ਨੇ ਅਧਿਆਪਕਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਹੋਸਟਲ ਪਰਿਸਰ ਦੀ ਸੁੰਦਰਤਾ ਵਧਾਉਣ, ਸਥਾਨਕ ਵਾਤਾਵਰਨ ਨੂੰ ਸੁਧਾਰਣ, ਛਾਂ ਪ੍ਰਦਾਨ ਕਰਨ ਅਤੇ ਕੈਂਪਸ ਵਿੱਚ ਜੈਵਿਕ ਵਿਭਿੰਨਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਇਸ ਅਭਿਆਨ ਦੇ ਸਫ਼ਲ ਪ੍ਰਬੰਧ ਲਈ ਐਸਟੇਟ ਆਰਗੇਨਾਈਜ਼ੇਸ਼ਨ ਅਤੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦਾ ਵੀ ਧੰਨਵਾਦ ਕੀਤਾ। ਵਾਈਸ ਚਾਂਸਲਰ ਡਾ. ਜੇਪੀਐੱਸ. ਗਿੱਲ ਨੇ ਕਾਲਜ ਅਤੇ ਗ੍ਰੀਨ ਕਲੱਬ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਹਰਿਆਲੇ, ਸਾਫ਼-ਸੁਥਰੇ ਅਤੇ ਟਿਕਾਊ ਕੈਂਪਸ ਦੀ ਸਿਰਜਣਾ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਲਗਾਏ ਗਏ ਪੌਦਿਆਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਸੁਰੱਖਿਆ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਸੰਕਲਪ ਲਿਆ। ਇਸ ਮੌਕੇ ਰੁੱਖ ਲਗਾਓ, ਵਾਤਾਵਰਨ ਬਚਾਓ, ਭਵਿੱਖ ਸਵਾਰੋ ਦਾ ਸੁਨੇਹਾ ਵੀ ਦਿੱਤਾ।