ਡਾ. ਗੋਸਲ ਦੇ ਕਾਰਜਕਾਲ ’ਚ ਕੀਤਾ ਜਾਵੇ ਵਾਧਾ : ਪੀਏਯੂ ਕਿਸਾਨ ਕਲੱਬ ਡਾ. ਸਤਿਬੀਰ ਸਿੰਘ ਗੋਸਲ ਦੇ ਕਾਰਜਕਾਲ ਵਿੱਚ ਕੀਤਾ ਜਾਵੇ ਵਾਧਾ-ਪੀਏਯੂ ਕਿਸਾਨ ਕਲੱਬ
Publish Date: Thu, 06 Aug 2026 09:28 PM (IST)
Updated Date: Fri, 07 Aug 2026 04:08 AM (IST)
-ਕਲੱਬ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਰਕਾਰ ਨੂੰ ਕੀਤੀ ਅਪੀਲ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਵੀਰਵਾਰ ਨੂੰ ਪੀਏਯੂ ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਹੋਈ ਜਿਸ ਵਿੱਚ 125 ਕਿਸਾਨ ਮੈਂਬਰਾਂ ਨੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ। ਇਸ ਮੀਟਿੰਗ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਪੀਏਯੂ. ਕਿਸਾਨ ਕਲੱਬ ਦੇ ਮੈਂਬਰਾਂ ਨੇ ਸਰਵਸੰਮਤੀ ਨਾਲ ਕਿਹਾ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਅਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਕਾਰਜਕਾਲ ਦੌਰਾਨ ਲਾਜਵਾਬ ਕਾਰਜ ਕੀਤਾ ਹੈ। ਉਨਾਂ ਦੀ ਅਗਵਾਈ ਵਿੱਚ ਯੂਨੀਵਰਸਿਟੀ ਲਗਾਤਾਰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ। ਕਲੱਬ ਦੇ ਮੈਂਬਰਾਂ ਨੇ ਉਹਨਾਂ ਦੇ ਇੱਕ ਹੋਰ ਕਾਰਜਕਾਲ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ। ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਕਲੱਬ ਨਾਲ ਜੁੜੇ ਕਿਸਾਨਾਂ ਨੂੰ ਪੀਏਯੂ. ਦੇ ਪਸਾਰ ਦੂਤ ਕਿਹਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜੀਆਂ ਗਈਆਂ ਤਕਨਾਲੋਜੀਆਂ ਦੂਰ-ਦਰਾਜ ਦੇ ਕਿਸਾਨਾਂ ਤੱਕ ਪਹੁੰਚਾਉਣ ਤੇ ਆਪਣੇ ਖੇਤਾਂ ਵਿੱਚ ਉਨਾਂ ਦੀ ਪਰਖ ਕਰਨ ਲਈ ਕਲੱਬ ਦੇ ਮੈਂਬਰ ਸ਼ਲਾਘਾ ਦੇ ਹੱਕਦਾਰ ਹਨ। ਪੰਜਾਬ ਤੋਂ ਗਏ ਕਿਸਾਨਾਂ ਨੇ ਵਿਦੇਸ਼ ਵਿੱਚ ਬਦਾਮਾਂ ਅਤੇ ਸੌਗੀ ਦੇ ਕਿੰਗ ਹੋਣ ਦਾ ਰੁਤਬਾ ਹਾਸਲ ਕੀਤਾ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਉਂਦੇ ਦਿਨੀਂ ਲੱਗਣ ਵਾਲੇ ਹਾੜੀ ਦੇ ਕਿਸਾਨ ਮੇਲਿਆਂ ’ਚ ਵਧ ਚੜ੍ਹ ਕੇ ਹਿੱਸਾ ਲੈਣ। ਕੈਂਪ ਦੇ ਪ੍ਰੋਗਰਾਮ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਕਿਸਾਨ ਕਲੱਬ ਦੀਆਂ ਸਰਗਰਮੀਆਂ ਆਪਣੇ ਆਲੇ-ਦੁਆਲੇ ਦੇ ਕਾਸ਼ਤਕਾਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਪੀਏਯੂ ਨੇ ਆਪਣੇ ਆਰੰਭ ਤੋਂ ਹੀ ਕਿਸਾਨਾਂ ਨਾਲ ਨੇੜਲੇ ਸਬੰਧ ਸਥਾਪਿਤ ਕੀਤੇ ਹਨ। ਖੇਤੀ ਮਾਹਿਰਾਂ ਵਜੋਂ ਇਸ ਵਾਰ ਸਬਜ਼ੀ ਵਿਗਿਆਨੀ ਡਾ. ਨਵਜੋਤ ਬਰਾੜ ਨੇ ਆਲੂਆਂ ਦੀ ਸਫਲ ਕਾਸ਼ਤ ਬਾਰੇ, ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾ. ਰਜਿੰਦਰ ਕੁਮਾਰ ਨੇ ਕਮਾਦ ਦੀ ਸਫਲ ਕਾਸ਼ਤਕਾਰੀ ਬਾਰੇ, ਫਲ ਵਿਗਿਆਨੀ ਡਾ. ਜਸਵਿੰਦਰ ਬਰਾੜ ਨੇ ਬਰਸਾਤ ਰੁੱਤ ਵਿਚ ਫਲਾਂ ਦੇ ਬੂਟੇ ਲਾਉਣ ਬਾਰੇ ਅਤੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਐਨਾ ਗੋਇਲ ਨੇ ਔਸ਼ਧੀ ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਫਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਬਾਰੇ ਬਨੀਤਾ ਸ਼ਾਹ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਲੱਬ ਦੀਆਂ ਗਤੀਵਿਧੀਆਂ ਬਾਰੇ ਡਾ. ਲਵਲੀਸ਼ ਗਰਗ ਨੇ ਚਾਨਣਾ ਪਾਇਆ। ਸਵਾਗਤ ਦੇ ਸ਼ਬਦ ਕੈਂਪ ਦੇ ਸੰਚਾਲਕ ਵਰਿੰਦਰ ਸਿੰਘ ਨੇ ਕਹੇ। ਅੰਤ ਵਿੱਚ ਧੰਨਵਾਦ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕੀਤਾ।