- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ-ਯੋਜਨਾ’ ਬਾਰੇ ਦਿੱਤੀ ਜਾਣਕਾਰੀ

-12 ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਨੇ ਜਾਣੇ ਯੋਜਨਾ ਦੇ ਮੁੱਖ ਨੁਕਤੇ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਵੱਲੋਂ ‘ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ-ਯੋਜਨਾ’ ਅਧੀਨ ਨੈਸ਼ਨਲ ਕੰਸੋਰਟੀਅਮ ਆਫ਼ ਵੈਰੀਫਿਕੇਸ਼ਨ ਐਂਡ ਮਾਨੀਟਰਿੰਗ ਕੰਸਲਟੈਂਟਸ ਦੇ ਭਾਈਵਾਲ ਵਜੋਂ ਮੱਛੀ ਪਾਲਣ ਵਿਭਾਗ, ਪੰਜਾਬ ਦੇ ਮੱਛੀ ਪਾਲਣ ਅਧਿਕਾਰੀਆਂ ਤੇ ਮੱਛੀ ਪਾਲਕਾਂ, ਵਪਾਰੀਆਂ, ਵਿਕਰੇਤਾਵਾਂ ਅਤੇ ਉੱਦਮੀਆਂ ਸਮੇਤ ਹੋਰ ਲਾਭਪਾਤਰੀਆਂ ਲਈ ਇੱਕ ਸਮੂਹ ਪ੍ਰਦਰਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਹ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਅਤੇ ਡਾ. ਜੇ. ਜੈਲਲਿਤਾ ਫਿਸ਼ਰੀਜ਼ ਯੂਨੀਵਰਸਿਟੀ ਤਾਮਿਲਨਾਡੂ ਦੇ ਰਾਸ਼ਟਰੀ ਸੰਯੋਜਕ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਹ ਯੋਜਨਾ ਇਕ ਵਿਲੱਖਣ ਪਹਿਲਕਦਮੀ ਹੈ, ਜੋ ਮੱਛੀ ਪਾਲਣ ਖੇਤਰ ਨੂੰ ਬਿਹਤਰ ਬਣਾਉਂਦੀ ਹੈ, ਸੰਸਥਾਗਤ ਸਹਾਇਤਾ ਪਹੁੰਚ ਵਿੱਚ ਸੁਧਾਰ ਕਰਦੀ ਹੈ ਅਤੇ ਟਿਕਾਊ ਵਿਕਾਸ, ਨਵੀਨਤਾ ਤੇ ਮੁੱਲ-ਲੜੀ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। 28 ਮੱਛੀ ਪਾਲਣ ਯੂਨੀਵਰਸਿਟੀਆਂ/ਕਾਲਜਾਂ ਦੇ ਰਾਸ਼ਟਰੀ ਸੰਘ ਦੇ ਹਿੱਸੇ ਵਜੋਂ, ਕਾਲਜ ਆਫ ਫਿਸ਼ਰੀਜ਼ ਲੁਧਿਆਣਾ ਰਾਜ ਦੇ ਯੋਗ ਮੱਛੀ ਪਾਲਕਾਂ ਨੂੰ ਇਸ ਯੋਜਨਾ ਅਧੀਨ ਵੱਖ-ਵੱਖ ਗ੍ਰਾਂਟਾਂ ਤੇ ਪ੍ਰੋਤਸਾਹਨ ਪ੍ਰਾਪਤ ਕਰਨ ਲਈ ਤਸਦੀਕ, ਨਿਗਰਾਨੀ ਤੇ ਗਿਆਨ ਸਹਾਇਤਾ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਡਾ. ਵਨੀਤ ਇੰਦਰ ਕੌਰ ਅਧਿਕਾਰੀ ਨੇ ਇੱਕ ਹਾਈਬ੍ਰਿਡ ਮੋਡ ’ਚ ਪ੍ਰਦਰਸ਼ਨ ਸੈਸ਼ਨ ਦਾ ਸੰਯੋਜਨ ਕੀਤਾ, 12 ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਨੂੰ ਇਸ ਯੋਜਨਾ ਦੇ ਮੁੱਖ ਨੁਕਤਿਆਂ ਨਾਲ ਜਾਣੂ ਕਰਵਾਇਆ ਗਿਆ, ਜਿਸ ਵਿੱਚ ਕਰਜ਼ਾ ਸਹੂਲਤ ਲਈ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ, ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ, ਜਲਜੀਵ ਬੀਮਾ ਪ੍ਰੋਤਸਾਹਨ, ਪ੍ਰਦਰਸ਼ਨ ਗ੍ਰਾਂਟਾਂ ਤੇ ਸਮਰੱਥਾ ਨਿਰਮਾਣ ਤੇ ਸਿਖਲਾਈ ਸ਼ਾਮਲ ਹਨ। ਉਨ੍ਹਾਂ ਨੂੰ ਕਾਰੋਬਾਰੀ ਸੁਧਾਰ ਵਿੱਚ ਨਿਵੇਸ਼ ਕਰਨ, ਰੁਜ਼ਗਾਰ ਪੈਦਾ ਕਰਨ, ਕੁਸ਼ਲਤਾ ਵਿੱਚ ਸੁਧਾਰ ਕਰਨ, ਬਿਹਤਰ ਗੁਣਵੱਤਾ ਤੇ ਸੁਰੱਖਿਆ ਅਭਿਆਸਾਂ ਨੂੰ ਅਪਣਾਉਣ ਅਤੇ ਪ੍ਰਦਰਸ਼ਨ ਗ੍ਰਾਂਟ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਮੱਛੀ ਪਾਲਣ ਮੁੱਲ ਲੜੀ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ। ਹਿੱਸਾ ਲੈਣ ਵਾਲੇ ਮੱਛੀ ਪਾਲਣ ਅਧਿਕਾਰੀਆਂ ਨੂੰ ਯੋਗ ਮੱਛੀ ਪਾਲਕਾਂ/ਉੱਦਮੀਆਂ, ਜਿਨ੍ਹਾਂ ’ਚ ਸੂਖਮ ਤੇ ਛੋਟੇ ਉੱਦਮਾਂ, ਔਰਤਾਂ ਅਤੇ ਪੱਟੀਦਰਜ ਜਾਤਾਂ ਦੀ ਮਾਲਕੀ ਵਾਲੇ ਉੱਦਮ, ਸਵੈ-ਸਹਾਇਤਾ ਸਮੂਹ, ਮੱਛੀ ਪਾਲਣ ਉਤਪਾਦਕ ਸੰਗਠਨਾਂ ਦਾ ਮਾਰਗਦਰਸ਼ਨ ਕਰਨ ਲਈ ਵੀ ਅਪੀਲ ਕੀਤੀ। ਇਸ ਤਹਿਤ ਮੱਛੀ ਪਾਲਣ ਸਹਿਕਾਰੀ ਸਭਾਵਾਂ ਅਤੇ ਮੱਛੀ ਪਾਲਣ ਖੇਤਰ ਮੁੱਲ ਲੜੀ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਪ੍ਰਦਰਸ਼ਨ ਗ੍ਰਾਂਟ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਹਿੱਸੇਦਾਰਾਂ ਨੂੰ ਲਾਮਬੰਦ ਕਰਨ ਲਈ ਆਖਿਆ। ਭਾਰਤ ਸਰਕਾਰ ਦੇ ਮੱਛੀ ਪਾਲਣ ਅਧਿਕਾਰੀਆਂ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਪ੍ਰਦਰਸ਼ਨ ਗ੍ਰਾਂਟ ਲਈ ਸ਼ੁਰੂਆਤੀ ਗ੍ਰਾਂਟ ਅਰਜ਼ੀ ਭਰਨ ਦੇ ਵੇਰਵੇ ਸਾਂਝੇ ਕੀਤੇ। ਪ੍ਰਤੀਭਾਗੀਆ ਦੇ ਸਵਾਲਾਂ ਦਾ ਹੱਲ ਕੀਤਾ ਤੇ ਟੀਮ ਦੁਆਰਾ ਗ਼ੈਰ-ਰਜਿਸਟਰਡ ਹਿੱਸੇਦਾਰਾਂ ਨੂੰ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ।