- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕੈਂਡ ਵਿਖੇ ਧੂਮਧਾਮ ਨਾਲ ਮਨਾਈਆਂ ਤੀਆਂ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਇੱਥੋਂ ਨੇੜਲੇ ਪਿੰਡ ਕੈਂਡ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬਹੁਤ ਹੀਂ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਮਹਿਲਾਵਾਂ ਅਤੇ ਧੀਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਸਮਾਂ ਨਿਭਾਈਆਂ ਅਤੇ ਤੀਆਂ ਦੇ ਗੀਤਾਂ, ਗਿੱਧੇ ਅਤੇ ਹੋਰ ਮਨੋਰੰਜਕ ਸਰਗਰਮੀਆਂ ਦਾ ਆਨੰਦ ਮਾਣਿਆ। ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਆਪਣੇ ਵਿਰਸੇ, ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਅੱਗੇ ਵੀ ਇਹ ਪਰੰਪਰਾ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਸਬੰਧੀ ਅੱਗੇ ਗੱਲਬਾਤ ਕਰਦਿਆਂ ਬਲਾਕ ਸਮਿਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ ਅਤੇ ਲੰਬਰਦਾਰ ਪ੍ਰਦੀਪ ਸਿੰਘ ਕੈਂਡ ਨੇ ਕਿਹਾ ਕਿ ਤੀਆਂ ਮਨਾਉਣ ਲਈ ਇਕੱਤਰ ਹੋਈਆਂ ਮਹਿਲਾਵਾਂ ਲਈ ਖੀਰ-ਪੂੜਿਆਂ ਦਾ ਲੰਗਰ ਵੀ ਲਾਇਆ ਗਿਆ, ਜਿਸ ਦਾ ਸਭ ਨੇ ਮਿਲ ਕੇ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਹਰ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਸਮੂਹ ਪਿੰਡ ਵਾਸੀ ਇੱਕਜੁੱਟ ਹੋ ਕੇ ਮਨਾਉਂਦੇ ਹਨ, ਜੋ ਆਪਸੀ ਭਾਈਚਾਰੇ ਤੇ ਏਕਤਾ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਅਤੇ ਭੈਣਾਂ ਦੇ ਸਤਿਕਾਰ, ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਆਪਸੀ ਪਿਆਰ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਅਮਰਜੀਤ ਕੌਰ ਪੰਚ, ਸੁਖਜੀਤ ਕੌਰ ਸਾਬਕਾ ਮੈਂਬਰ ਪੰਚਾਇਤ, ਅਮਨਦੀਪ ਕੌਰ ਮੈਂਬਰ ਪੰਚਾਇਤ, ਰਮਨਦੀਪ ਕੌਰ ਪੰਚ, ਪੁਸ਼ਪਿੰਦਰ ਕੌਰ ਸਾਬਕਾ ਪੰਚ,ਜਗਵਿੰਦਰ ਕੌਰ, ਬਲਜਿੰਦਰ ਕੌਰ, ਪ੍ਰੀਤਇੰਦਰ ਕੌਰ, ਹਰਪ੍ਰੀਤ ਕੌਰ, ਗੁਰਦੀਪ ਕੌਰ, ਹਰਜੀਤ ਕੌਰ, ਬਲਜੀਤ ਕੌਰ, ਸਿੰਦਰ ਕੌਰ, ਹਰਮਨਦੀਪ ਕੌਰ, ਹਰਮਨ, ਚੰਦਰ ਕਾਤਾ, ਪ੍ਰਿਤਪਾਲ ਕੌਰ ਤੇ ਪਰਮਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।