- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਊੱਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਰਹੀ ਮਹੀਨਾਵਾਰ ਸਾਹਿਤਕ ਮਿਲਣੀ

-ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ, ਕਵੀਆਂ ਤੇ ਕਵਿੱਤਰੀਆਂ ਨੇ ਰਚਨਾਵਾਂ ਨਾਲ ਬੰਨ੍ਹਿਆ ਰੰਗ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ :
ਸ਼੍ਰੋਮਣੀ ਲਿਖਾਰੀ ਬੋਰਡ ਦੀ ਮਹੀਨਾਵਾਰ ਸਾਹਿਤਕ ਮਿਲਣੀ ਇਸ ਵਾਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਅਤੇ ਸਾਵਣ ਮਹੀਨੇ ਨੂੰ ਸਮਰਪਿਤ ਰਹੀ। ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗਿੱਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਹੋਈ ਇਸ ਮਿਲਣੀ ਦੌਰਾਨ ਹਾਜ਼ਰ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ ਕਵੀਆਂ/ਕਵਿੱਤਰੀਆਂ ਆਦਿ ਨੇ ਆਪੋ-ਆਪਣੇ ਅੰਦਾਜ਼ ਵਿਚ ਖੂਬ ਸਾਹਿਤਕ ਰੰਗ ਬੰਨ੍ਹੇ। ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਨ ਉਪਰੰਤ ਪੰਜਾਬ ਦੇ ਪੁਰਾਤਨ ਬਹਾਦਰ ਸੂਰਬੀਰਾਂ ਦੇ ਇਤਿਹਾਸ ਬਾਰੇ ਕਈ ਨਵੇਂ ਤੱਥ ਪੇਸ਼ ਕਰਦਿਆਂ ਵਿਸਥਾਰਤ ਚਾਨਣਾ ਪਾਇਆ। ਮੰਚ ਦਾ ਸੰਚਾਲਨ ਕਰਦਿਆਂ ਬੋਰਡ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਅਲਬੇਲਾ ਨੇ ਆਪਣੇ ਨਵੇਂ ਗੀਤ ‘ਤੇਰੇ ਰੰਗ ਨਿਆਰੇ ਨੇ’ ਨਾਲ ਸਾਹਿਤਕ ਮਿਲਣੀ ਦਾ ਆਗਾਜ਼ ਕੀਤਾ। ਗ਼ਜ਼ਲਗੋ ਤੇ ਗਾਇਕ ਜੋਰਾਵਰ ਸਿੰਘ ਪੰਛੀ ਨੇ ‘ਚੜ੍ਹਿਆ ਸਾਵਣ ਪਿੱਪਲੀ ਪੀਘਾਂ' ਗੀਤ ਗਾਇਆ ਜਦਕਿ ਸੁਰੀਲੀ ਤੇ ਖ਼ੂਬਸੂਰਤ ਆਵਾਜ਼ ਦੇ ਮਾਲਕ ਗੁਰਮੀਤ ਸਿੰਘ ਨੇ ‘ਕਦੇ ਕਿਸੇ ਨੂੰ ਕੁੱਝ ਨਹੀਂ ਕਹਿਣਾ ਚਾਹੀਦਾ' ਗੀਤ ਗਾ ਕੇ ਖੂਬ ਸਮਾਂ ਬੰਨ੍ਹਿਆ।
ਪ੍ਰਿਸੱਧ ਕਵੀ ਦੀਪ ਸਿੰਘ ਨੇ ਧਰਮਾਂ ਦੇ ਨਾਂਅ ਤੇ ਹੁੰਦੀ ਲੜਾਈ ਤੇ ਤੰਜ਼ ਕਸਦੀ ਕਵਿਤਾ ਪੜ੍ਹੀ। ਗੀਤਕਾਰ ਸੰਧੇ ਸਖਬੀਰ ਨੇ 'ਕਿੱਕਰਾਂ ਦੀ ਛਾਂ ਹੇਠ' ਜਜ਼ਬਾਤੀ ਕਵਿਤਾ ਬੋਲੀ ਤਾਂ ਸਭ ਦਾ ਗੱਚ ਭਰ ਆਇਆ। ਪ੍ਰਸਿੱਧ ਕਵਿੱਤਰੀ ਦੀਪ ਲੁਧਿਆਣਵੀ ਵੱਲੋਂ 'ਤੀਆਂ ਦਾ ਤਿਉਹਾਰ ਮਨਾਉਂਦੀਆਂ ਕੁੜੀਆਂ' ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬੜੇ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਜਗਦੇਵ ਸਿੰਘ ਜੱਗਾ ਜਮਾਲਪੁਰੀ ਨੇ ਉੱਚੀ ਸੁਰ ਵਿੱਚ ਊਧਮ ਸਿੰਘ ਸਰਦਾਰ ਕੋਈ ਉੱਠਿਆ ਪੰਜਾਬੀ ਮਹਾਨ ਸੂਰਮਾ' ਵਾਲਾ ਦੇਸ਼ ਭਗਤੀ ਦਾ ਜੋਸ਼ੀਲਾ ਗੀਤ ਪੇਸ਼ ਕੀਤਾ। ਗ਼ਜ਼ਲ ਗਾਇਕ ਮੀਤ ਪਾਣੀਪਤ ਨੇ ਹਰਿਆਣਾਵੀ ਅੰਦਾਜ਼ ਵਿੱਚ 'ਕਾਲੀ ਘਨਘੋਰ ਘਟਾ ਮੇਂ ਤੇਰੀ ਯਾਦ ਸਤਾਵੈ' ਗਾ ਕੇ ਖੂਬ ਵਾਹਵਾ ਬਟੋਰੀ। ਸ਼ਾਇਰਾ ਕੁਲਵਿੰਦਰ ਕੌਰ ਕਿਰਨ ਨੇ 'ਕਿੰਨੇ ਹੀ ਰੰਗ ਜ਼ਿੰਦਗੀ ਦੇ ਦਿਖਾਏ ਸਾਵਣ' ਕਵਿਤਾ ਪੜ੍ਹੀ। ਜਸਵਿੰਦਰ ਕੌਰ ਜੱਸੀ ਨੇ 'ਕਾਲੀਆਂ ਘਟਾਵਾਂ ਚੜ੍ਹ ਆਈਆਂ ਅੰਬਰਾਂ ਤੇ' ਕਵਿਤਾ ਸੁਣਾਈ। ਗ਼ਜ਼ਲਗੋ ਹਰਦੀਪ ਸਿੰਘ ਬਿਰਦੀ ਨੇ 'ਤੁਹਾਡੇ ਨਾਲ ਰਹਿ ਕੇ ਮੁਹੱਬਤ ਹੋ ਗਿਆ ਹਾਂ' ਪੜ੍ਹੀ ਤਾਂ ਮਹੌਲ ਖੁਸ਼ਗਵਾਰ ਹੋ ਗਿਆ। ਕੁੱਜੇ ’ਚ ਸਮੁੰਦਰ ਬੰਦ ਕਰਨ ਵਾਲੇ ਕਹਾਣੀਕਾਰ ਪੰਮੀ ਹਬੀਬ ਨੇ 'ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ' ਵਿਅੰਗਮਈ ਸ਼ੈਲੀ ਵਿਚ ਮਿੰਨੀ ਕਹਾਣੀ ਸੁਣਾਈ। ਸ਼ਾਇਰਾ ਸਿਮਰਨ ਧੁੱਗਾ ਨੇ ਜ਼ਾਲਮ ਹੁਕਮਰਾਨਾਂ ਨੂੰ ਵੰਗਾਰਦੀ 'ਨਹੀਂ ਮੰਨਣੀ ਤੇਰੀ ਈਨ ਨਹੀਂ ਮੰਨਣੀ' ਰਚਨਾ ਪੇਸ਼ ਕੀਤੀ।
ਸਮਾਜ ਸੁਧਾਰਕ ਕਵੀ ਭੁਪਿੰਦਰ ਸਿੰਘ ਸੈਣੀ ਵਲੋਂ 'ਰੱਬ ਦੀ ਰਜ਼ਾ ਵਿੱਚ ਲਿਖਣਾ ਛੱਡ ਦੇ' ਕਾਫੀ ਪ੍ਰਭਾਵਿਤ ਰਹੀ। ਮੀਤ ਪਾਣੀਪਤ ਵੱਲੋਂ ਗਾਏ ਅਤੇ ਚੰਨਪ੍ਰੀਤ ਸਿੰਘ ਗਿੱਲ ਦੀ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੇ ਨਵੇਂ ਗੀਤ ਦਾ ਪੋਸਟਰ ਹਾਜ਼ਰ ਸਾਹਿਤਕਾਰਾਂ ਵਲੋਂ ਜਾਰੀ ਕੀਤਾ ਗਿਆ। ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 'ਖੁਦ ਕੇ ਖੂਨ ਸੇ ਸੀਂਚਾ ਐਸਾ ਕਿ ਬੰਜਰ ਗੁਲਿਸਤਾਂ ਆਬਾਦ ਕਰ ਗਿਆ, ਫਾਂਸੀ ਕੇ ਫੰਦੇ ਮੇਂ ਐਸਾ ਕੈਦ ਹੂਆ ਕਿ ਦੇਸ਼ ਆਜ਼ਾਦ ਕਰ ਗਿਆ' ਨਾਲ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਤੂਫ਼ਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ ਵੱਲੋਂ ਵਿਜੇ ਕਲਿਆਣ ਨੇ ਸਾਹਿਤਕ ਮਿਲਣੀ ਲਈ ਸ਼ਲਾਘਾਯੋਗ ਪ੍ਰਬੰਧ ਕੀਤਾ।