ਖੇਤੀਬਾੜੀ ਖੋਜ ਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਪੀਏਯੂ ਤੇ ਸੀਸੀਐੱਸਐੱਚਏਯੂ ਵਿਚਾਲੇ ਸਮਝੌਤਾ ਖੇਤੀਬਾੜੀ ਖੋਜ ’ਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਪੀਏਯੂ ਅਤੇ ਸੀਸੀਐਸਐਚਏਯੂ ਵਿਚਾਲੇ ਸਮਝੌਤਾ
Publish Date: Mon, 03 Aug 2026 08:03 PM (IST)
Updated Date: Tue, 04 Aug 2026 04:07 AM (IST)
ਫੋਟੋ ਨੰਬਰ-30 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਉੱਤਰੀ ਭਾਰਤ ਦੀਆਂ ਦੋ ਪ੍ਰਮੁੱਖ ਖੇਤੀਬਾੜੀ ’ਵਰਸਿਟੀਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ (ਸੀਸੀਐੱਸਐੱਚਏਯੂ) ਹਿਸਾਰ ਨੇ ਸੋਮਵਾਰ ਨੂੰ ਸਿੱਖਿਆ, ਖੋਜ ਅਤੇ ਪਸਾਰ ਸਿੱਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) ਤੇ ਦਸਤਖ਼ਤ ਕੀਤੇ। ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਖੇਤੀਬਾੜੀ ਖੇਤਰ ਦੀਆਂ ਮੌਜੂਦਾ ਚੁਣੌਤੀਆਂ ਦੇ ਹੱਲ ਲਈ ਸਾਂਝੇ ਤੌਰ ਤੇ ਕੰਮ ਕਰਨਗੀਆਂ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੀਏਯੂ ਸੱਤ ’ਵਰਸਿਟੀਆਂ ਦੀ ਮਾਂ ਸੰਸਥਾ ਹੈ ਅਤੇ ਦੋਵੇਂ ’ਵਰਸਿਟੀਆਂ ਵਿਚਾਲੇ ਦਹਾਕਿਆਂ ਪੁਰਾਣੇ ਅਕਾਦਮਿਕ ਅਤੇ ਖੋਜ ਸਬੰਧ ਰਹੇ ਹਨ। ਧਰਤੀ ਹੇਠਲੇ ਪਾਣੀ ਦਾ ਘਟਦਾ ਪੱਧਰ, ਮਿੱਟੀ ਦੀ ਖਰਾਬ ਹੋ ਰਹੀ ਸਿਹਤ ਤੇ ਮੀਥੇਨ ਕਾਰਨ ਵਧ ਰਹੀ ਗਲੋਬਲ ਤਾਪਮਾਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੀਏਯੂ ਰਵਾਇਤੀ ਖੇਤੀ ਤੋਂ ਡਿਜੀਟਲ ਖੇਤੀ ਅਤੇ ਐਗਰੀ-ਬਿਜ਼ਨਸ ਵੱਲ ਅੱਗੇ ਵਧ ਰਹੀ ਹੈ ਤੇ ਟਿਕਾਊ ਖੇਤੀ ਲਈ ਦੋਵਾਂ ਸੰਸਥਾਵਾਂ ਦੀ ਮਹਾਰਤ ਤੇ ਸੋਮਿਆਂ ਨੂੰ ਇਕੱਠਾ ਕਰਨਾ ਸਮੇਂ ਦੀ ਲੋੜ ਹੈ। ਸੀਸੀਐੱਸਐੱਚਏਯੂ ਹਿਸਾਰ ਦੇ ਵਾਈਸ ਚਾਂਸਲਰ ਪ੍ਰੋ. ਬਲਦੇਵ ਰਾਜ ਕੰਬੋਜ ਨੇ ਇਸ ਸਮਝੌਤੇ ਨੂੰ ਦੋ ਪ੍ਰਮੁੱਖ ਖੇਤੀਬਾੜੀ ਸੰਸਥਾਵਾਂ ਵਿਚਾਲੇ ਰਿਸ਼ਤਿਆਂ ਨੂੰ ਨਵੀਂ ਮਜ਼ਬੂਤੀ ਦੇਣ ਵਾਲਾ ਕਦਮ ਕਰਾਰ ਦਿੱਤਾ। ਦੋਵੇਂ ’ਵਰਸਿਟੀਆਂ ਦੇ ਸਾਂਝੇ ਟੀਚੇ ਅਤੇ ਇੱਕੋ ਜਿਹੀਆਂ ਚੁਣੌਤੀਆਂ ਇਸ ਭਾਈਵਾਲੀ ਨੂੰ ਹੋਰ ਮਹੱਤਵਪੂਰਨ ਬਣਾਉਂਦੀਆਂ ਹਨ। ਇਸ ਸਮਝੌਤੇ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ, ਸਾਂਝੇ ਡਿਗਰੀ ਪ੍ਰੋਗਰਾਮ, ਕਾਨਫਰੰਸਾਂ ਅਤੇ ਸਿਮਪੋਜ਼ੀਅਮ, ਖੋਜ ਸਹੂਲਤਾਂ ਦੀ ਸਾਂਝ, ਸਾਂਝੇ ਖੋਜ ਪ੍ਰੋਜੈਕਟ ਤੇ ਖੋਜ ਪ੍ਰਕਾਸ਼ਨਾਂ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਦੋਵਾਂ ਯੂਨੀਵਰਸਿਟੀਆਂ ਦੀ ਅੰਤਰਰਾਸ਼ਟਰੀ ਪਛਾਣ ਹੋਰ ਮਜ਼ਬੂਤ ਹੋਵੇਗੀ। ਪੀਏਯੂ ਦੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਡਾ. ਅਸ਼ੋਕ ਕੁਮਾਰ ਨੇ ਦੋਵਾਂ ਸੰਸਥਾਵਾਂ ਦੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਸਿੱਖਿਆ, ਖੋਜ ਤੇ ਪਸਾਰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਪਲੱਬਧੀਆਂ ਦਾ ਰਾਹ ਖੋਲੇਗਾ। ਪੀਏਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਸਵਾਗਤੀ ਭਾਸ਼ਣ ਦਿੱਤਾ। ਸੀਸੀਐੱਸਐੱਚਏਯੂ ਵੱਲੋਂ ਖੋਜ ਨਿਰਦੇਸ਼ਕ ਡਾ. ਰਾਜਬੀਰ ਗਰਗ ਨੇ ਕਿਹਾ ਕਿ ਦੋਵਾਂ ਵਾਈਸ ਚਾਂਸਲਰਾਂ ਦੀ ਅਗਵਾਈ ਹੇਠ ਇਹ ਭਾਈਵਾਲੀ ਖੇਤੀਬਾੜੀ ਅਤੇ ਸਹਾਇਕ ਵਿਗਿਆਨਾਂ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗੀ। ਸਮਾਗਮ ’ਚ ਦੋਵਾਂ ਯੂਨੀਵਰਸਿਟੀਆਂ ਦੇ ਡੀਨ, ਨਿਰਦੇਸ਼ਕ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਪੀਏਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਐਮਐਸ. ਭੁੱਲਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਜਦਕਿ ਐਸੋਸੀਏਟ ਡਾਇਰੈਕਟਰ (ਇੰਸਟੀਚਿਊਸ਼ਨਲ ਰਿਲੇਸ਼ਨਜ਼) ਡਾ. ਵਿਸ਼ਾਲ ਬੈਕਟਰ ਨੇ ਸਮਾਗਮ ਦਾ ਸਫਲ ਸੰਚਾਲਨ ਕੀਤਾ। ਇਹ ਸਮਝੌਤਾ ਦੋਵਾਂ ਯੂਨੀਵਰਸਿਟੀਆਂ ਦੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ, ਜੋ ਭਵਿੱਖ ’ਚ ਟਿਕਾਊ ਖੇਤੀ, ਨਵੀਨਤਾਕਾਰੀ ਖੋਜ ਅਤੇ ਕਿਸਾਨ ਭਲਾਈ ਲਈ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।