ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਤੇ ਖੋਜ ਕੇਂਦਰ ਦੀ ਅਹਿਮ ਪ੍ਰਾਪਤੀ ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦੀ ਇਤਿਹਾਸਕ ਪ੍ਰਾਪਤੀ
Publish Date: Sun, 02 Aug 2026 11:02 PM (IST)
Updated Date: Mon, 03 Aug 2026 04:13 AM (IST)
-ਟਾਪ-5 ’ਚ ਵਿਭਾਗ ਦੇ ਚਾਰ ਵਿਦਿਆਰਥੀਆਂ ਨੇ ਪ੍ਰੀਖਿਆ ਨਤੀਜੇ ’ਚ ਬਣਾਈ ਥਾਂ ਫੋਟੋ ਨੰਬਰ-14 ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮਏ. (ਹਿੰਦੀ) ਪਹਿਲਾ ਸਾਲ (ਸਮੈਸਟਰ-2), ਮਈ 2026 ਦੇ ਪ੍ਰੀਖਿਆ ਨਤੀਜਿਆਂ ਵਿੱਚ ਇੱਕ ਵਾਰ ਫਿਰ ਇਤਿਹਾਸਕ ਸਫਲਤਾ ਹਾਸਲ ਕਰਦਿਆਂ ਕਾਲਜ, ਸ਼ਹਿਰ ਅਤੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੀ ਟਾਪਰ ਸੂਚੀ ਵਿੱਚ ਵਿਭਾਗ ਦੇ ਚਾਰ ਵਿਦਿਆਰਥੀਆਂ ਨੇ ਪਹਿਲੀਆਂ ਪੰਜ ਪੁਜ਼ੀਸ਼ਨਾਂ ਵਿੱਚੋਂ ਚਾਰ ਪੁਜ਼ੀਸ਼ਨਾਂ ਹਾਸਲ ਕਰਕੇ ਵਿਭਾਗ ਦੀ ਸ਼ਾਨਦਾਰ ਅਕਾਦਮਿਕ ਪਰੰਪਰਾ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ। ਵਿਭਾਗ ਦੀ ਵਿਦਿਆਰਥਣ ਜੋਤੀ ਨੇ 343 ਅੰਕ (85.75 ਫੀਸਦੀ ) ਪ੍ਰਾਪਤ ਕਰਕੇ ਦੂਜਾ ਸਥਾਨ, ਸ੍ਰਿਸ਼ਟੀ ਨੇ 341 ਅੰਕ (85.25 ਫੀਸਦੀ) ਨਾਲ ਤੀਜਾ ਸਥਾਨ, ਕਾਜਲ ਨੇ 340 ਅੰਕ (85.00 ਫੀਸਦੀ) ਨਾਲ ਚੌਥਾ ਸਥਾਨ, ਜਦਕਿ ਰਾਮ ਕੁਮਾਰ ਨੇ 338 ਅੰਕ (84.50 ਫੀਸਦੀ) ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। 400 ਅੰਕਾਂ ਦੀ ਇਸ ਪ੍ਰੀਖਿਆ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ। ਵਿਭਾਗ ਹਮੇਸ਼ਾ ਹੀ ਸ਼ਾਨਦਾਰ ਪ੍ਰੀਖਿਆ ਨਤੀਜੇ ਦੇਣ ਅਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਦੀ ਆਪਣੀ ਗੌਰਵਮਈ ਪਰੰਪਰਾ ਨੂੰ ਕਾਇਮ ਰੱਖਦਾ ਆ ਰਿਹਾ ਹੈ। ਇਸ ਸਾਲ ਵੀ ਵਿਦਿਆਰਥੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਸ ਪਰੰਪਰਾ ਨੂੰ ਅੱਗੇ ਵਧਾਇਆ ਹੈ। ਇਹ ਵੀ ਵਿਸ਼ੇਸ਼ ਤੌਰ ਤੇ ਉਲੇਖਣਯੋਗ ਹੈ ਕਿ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦਾ ਪ੍ਰੀਖਿਆ ਨਤੀਜਾ 100 ਫ਼ੀਸਦੀ ਰਿਹਾ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵਿਭਾਗ ਦੀ ਗੌਰਵਮਈ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੀਵਨ ਵਿੱਚ ਉੱਚੀਆਂ ਉਪਲਬਧੀਆਂ ਹਾਸਲ ਕਰਨਗੇ। ਵਿਭਾਗ ਮੁਖੀ ਡਾ. ਸੌਰਭ ਕੁਮਾਰ ਨੇ ਇਸ ਸ਼ਾਨਦਾਰ ਸਫਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਦੇ ਸਮੂਹ ਅਧਿਆਪਕਾਂ ਡਾ. ਮੋਨਿਕਾ ਜੈਨ, ਡਾ. ਮੋਨਿਕਾ, ਡਾ. ਸੋਨਦੀਪ ਅਤੇ ਪ੍ਰੋ. ਇੰਦਰਜੀਤ ਪਾਸਵਾਨ ਦੀ ਨਿਰੰਤਰ ਮਿਹਨਤ, ਸਮਰਪਿਤ ਮਾਰਗਦਰਸ਼ਨ ਅਤੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਸਦਕਾ ਇਹ ਸ਼ਾਨਦਾਰ ਪ੍ਰਾਪਤੀ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਅਧਿਐਨ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਹੀ ਅਕਾਦਮਿਕ ਉਤਕ੍ਰਿਸ਼ਟਤਾ ਦੀ ਕੁੰਜੀ ਹਨ ਅਤੇ ਵਿਭਾਗ ਭਵਿੱਖ ਵਿੱਚ ਵੀ ਇਸ ਉੱਚ ਮਿਆਰੀ ਅਕਾਦਮਿਕ ਪਰੰਪਰਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਹਾਜ਼ਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਇਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।