ਜਲੰਧਰ ਜਾਣ ਵਾਲੀ ਮੇਨ ਸੜਕ ਜੱਸੀਆਂ ਰੋਡ ’ਤੇ ਬਣੇ ਕੂੜੇ ਦੇ ਪਹਾੜ ਜਲੰਧਰ ਜਾਣ ਵਾਲੀ ਮੇਨ ਸੜਕ ਜੱਸੀਆਂ ਰੋਡ ’ਤੇ ਬਣੇ ਕੂੜੇ ਦੇ ਪਹਾੜ
Publish Date: Sat, 01 Aug 2026 08:14 PM (IST)
Updated Date: Sat, 01 Aug 2026 08:16 PM (IST)
ਮਹਾਂਨਗਰ ’ਚ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਜਸਦੀਪ, ਪੰਜਾਬੀ ਜਾਗਰਣ ਲੁਧਿਆਣਾ : ਬੀਤੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਮੁਲਾਜ਼ਮਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਲੁਧਿਆਣਾ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ, ਸੀਵਰਮੈਨ, ਮਾਲੀ, ਬੇਲਦਾਰ ਅਤੇ ਡਰਾਈਵਰ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀ ਸਾਫ਼-ਸਫ਼ਾਈ ਦਾ ਕੰਮ ਬੰਦ ਕਰ ਕੇ ਉਨ੍ਹਾਂ ਦੇ ਸਾਥੀਆਂ ਨਾਲ ਅਣਮਨੁੱਖੀ ਕਾਰਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹੜਤਾਲ ’ਤੇ ਬੈਠੇ ਹਨ। ਇਸ ਨਾਲ ਸ਼ਹਿਰ ਦੀ ਸਾਫ਼-ਸਫ਼ਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਸ਼ਹਿਰ ਦੇ ਕਈ ਚੌਕ ਅਤੇ ਸੜਕਾਂ ਕੂੜੇ ਦੇ ਡੰਪ ਵਿੱਚ ਤਬਦੀਲ ਹੋ ਗਈਆਂ ਹਨ। ਨਗਰ ਨਿਗਮ ਲੁਧਿਆਣਾ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਹੁਣ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਸਪੱਸ਼ਟ ਤੌਰ ’ਤੇ ਨਜ਼ਰ ਆਉਣ ਲੱਗਾ ਹੈ। ਜਲੰਧਰ ਜਾਣ ਵਾਲੀ ਮੇਨ ਸੜਕ ਜੱਸੀਆਂ ਦੇ ਇਲਾਕੇ ਦੇ ਵਿੱਚ ਕੂੜੇ ਦੇ ਪਹਾੜ ਬਣੇ ਨਜ਼ਰ ਆ ਰਹੇ ਹਨ। ਮੇਨ ਰੋਡ ਕਾਰਨ ਆਵਾਜਾਈ ਬਹੁਤ ਹੈ। ਕੂੜਾ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਕਿਨਾਰਿਆਂ ’ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਘਰਾਂ ਵਿੱਚੋਂ ਵੀ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਨੂੰ ਬਦਬੂ ਅਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕ ਇਲਾਕਾ ਕੌਂਸਲਰਾਂ ਨੂੰ ਇਸ ਸੰਬੰਧੀ ਸ਼ਿਕਾਇਤਾਂ ਕਰ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਘਰਾਂ ਵਿੱਚ ਕੂੜਾ ਨਾ ਚੁੱਕੇ ਜਾਣ ਕਾਰਨ ਸਾਰੇ ਘਰ ਵਿੱਚ ਬਦਬੂ ਹੀ ਬਦਬੂ ਹੋ ਰਹੀ ਹੈ ਤੇ ਇੱਕ ਬਰਸਾਤ ਦਾ ਮੌਸਮ ਹੋਣ ਕਾਰਣ ਜਮਾ ਕੂੜੇ ਤੋਂ ਮੱਛਰਾਂ ਦੀ ਗਿਣਤੀ ਵੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਲੰਬੀ ਚੱਲੀ ਤਾਂ ਸਫ਼ਾਈ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਹੱਲ ਕੱਢਣ ਦੀ ਮੰਗ ਕੀਤੀ ਹੈ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਮੁੜ ਪਟੜੀ ’ਤੇ ਆ ਸਕੇ। ਦੂਜੇ ਪਾਸੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਸੇਵਕਾਂ ਨਾਲ ਜਲਦ ਗੱਲਬਾਤ ਕਰ ਕੇ ਮਾਮਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਅੰਤ ਹੋਵੇ।