ਡ੍ਰੀਮ ਪਾਰਕ ਦੀਆਂ ਲਾਈਟਾਂ, ਫੁਹਾਰੇ ਤੇ ਝੂਟਿਆਂ ਦਾ ਮਾੜਾ ਹਾਲ ਡ੍ਰੀਮ ਪਾਰਕ ਦੀਆਂ ਲਾਈਟਾਂ, ਫੁਹਾਰੇ ਅਤੇ ਝੂਟਿਆਂ ਦਾ ਮਾੜਾ ਹਾਲ
Publish Date: Sat, 01 Aug 2026 07:37 PM (IST)
Updated Date: Sat, 01 Aug 2026 07:40 PM (IST)
ਲਾਈਟਾਂ ਕਈ ਮਹੀਨਿਆਂ ਤੋਂ ਖ਼ਰਾਬ, ਰਾਤ ਨੂੰ ਪਾਰਕ ਬਣਦੀ ਨਸ਼ੇੜੀਆਂ ਦਾ ਘਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ : ਜਮਾਲਪੁਰ ਸਥਿਤ ਡ੍ਰੀਮ ਪਾਰਕ ਦੀਆਂ ਲਾਈਟਾਂ, ਫੁਹਾਰੇ ਤੇ ਝੂਟਿਆਂ ਦਾ ਮਾੜਾ ਹਾਲ ਹੈ। ਹਾਲਾਤ ਇਥੋਂ ਤੱਕ ਆ ਗਏ ਹਨ ਕਿ ਪਾਰਕ ਦੇ ਝੂਲੇ ਬੁਰੀ ਤਰ੍ਹਾਂ ਕਬਾੜ ਬਣ ਚੁੱਕੇ ਹਨ, ਪਾਰਕ ਵਿੱਚ ਲੱਗਾ ਇੱਕੋ ਇੱਕ ਵੱਡਾ ਫੁਹਾਰਾ ਜਿਸ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ ਅਤੇ ਰਾਤ ਤੇ ਸ਼ਾਮ ਨੂੰ ਪਾਰਕ ਦੀ ਰੌਣਕ ਵਧਾਉਂਦੀ ਹਾਈ ਮਸਟ ਲਾਈਟ ਦੇ ਤਕਰੀਬਨ ਡੇਢ ਸਾਲ ਤੋਂ ਅੱਠ ਪੁਆਇੰਟਾਂ ਵਿੱਚੋਂ ਕੇਵਲ ਦੋ ਹੀ ਜਗਦੇ ਹਨ। ਪਾਰਕ ਵਿੱਚ ਸੈਰ ਕਰਦੇ ਡਾਕਟਰ ਸਾਹੀ ਅਤੇ ਯਸ਼ਪਾਲ ਨੇ ਦੱਸਿਆ ਕਿ ਪਾਰਕ ਹੁਣ ਨਾਂ ਦੀ ਹੀ ਹੈ। ਕੈਬਨਿਟ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਵੀ ਪਾਰਕ ਦਾ ਬੁਰਾ ਹਾਲ ਹੈ ਕਿ ਪਾਰਕ ਵਿੱਚ ਗੋਡੇ-ਗੋਡੇ ਘਾਹ ਹੈ ਅਤੇ ਰਾਤ ਨੂੰ ਲਾਈਟ ਖਰਾਬ ਹੋਣ ਕਰਕੇ ਬਰਸਾਤਾਂ ਵਿੱਚ ਸੱਪਾਂ ਅਤੇ ਹੋਰ ਜਾਨਵਰਾਂ ਤੋਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨਾਂ ਦੱਸਿਆ ਕਿ ਹਾਈ ਮਸਟ ਲਾਈਟ ਤਾਂ ਖਰਾਬ ਹੀ ਹੈ ਪਰ ਟਰੈਕ ਦੀਆਂ ਕਈ ਸਟਰੀਟ ਲਾਈਟਾਂ ਵੀ ਖਰਾਬ ਹਨ ਅਤੇ ਇੱਕ ਹੀ ਮਾਲੀ ਹੋਣ ਕਰਕੇ ਸਾਰੇ ਪਾਰਕ ਦੀ ਸੰਭਾਲ ਕਰਨੀ ਮੁਸ਼ਕਿਲ ਹੈ। ਇਲਾਕਾ ਨਿਵਾਸੀਆਂ ਵੱਲੋਂ ਕੌਂਸਲਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਅਸਰ ਨਹੀਂ ਹੋਇਆ। ਰਾਤ ਨੂੰ ਪਾਰਕ ਨਸ਼ੇੜੀਆਂ ਦਾ ਅੱਡਾ ਬਣ ਜਾਂਦੀ ਹੈ ਜਦ ਕਿ ਕਈ ਸਾਲ ਪਹਿਲਾਂ ਜਿੱਥੇ ਪਾਰਕ ਵਿੱਚ ਔਰਤਾਂ ਦੇ ਝੁੰਡ ਨਜ਼ਰ ਆਉਂਦੇ ਸਨ ਅਤੇ ਬੱਚੇ ਚਹਿਕਦੇ ਸਨ ਅਤੇ ਬਜ਼ੁਰਗ ਵੀ ਰਾਤ ਸਮੇਂ ਸੈਰ ਕਰਦੇ ਨਜ਼ਰ ਆਉਂਦੇ ਸਨ। ਇਲਾਕਾ ਨਿਵਾਸੀਆਂ ਵੱਲੋਂ ਪੂਰਜੋਰ ਅਪੀਲ ਹੈ ਕਿ ਫੁਹਾਰੇ , ਹਾਈ ਮਸਟ ਲਾਈਟ ਅਤੇ ਬੱਚਿਆਂ ਦੇ ਝੂਟੇ ਫੋਰੀ ਤੌਰ ਤੇ ਠੀਕ ਹੋਣ ਅਤੇ ਪਾਰਕ ਦੀ ਸਫਾਈ ਅਤੇ ਦਰੱਖਤਾਂ ਦੀ ਕਟਾਈ ਸਮੇਂ ਸਿਰ ਹੋਏ ਤਾਂ ਕਿ ਫੁੱਲਾਂ ਅਤੇ ਹਰਿਆਲੀ ਨਾਲ ਟਹਿਕ ਦੀ ਪਾਰਕ ਬਣੇ ਨਾ ਕੇ ਜੰਗਲ ਵਰਗੀ। ਕੀ ਕਹਿੰਦੇ ਹਨ ਇਲਾਕੇ ਦੇ ਕੌਂਸਲਰ ਗਰੇਵਾਲ ਜਦੋਂ ਇਲਾਕੇ ਦੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਨਾਲ ਪਾਰਕ ਦੀ ਇਸ ਖਸਤਾ ਹਾਲਤ ਅਤੇ ਹਾਈ ਮਸਟ ਲਾਈਟਾਂ ਦੇ ਖਰਾਬ ਹੋਣ ਦੀ ਗੱਲ ਕੀਤੀ ਗਈ ਤਾਂ ਉਨਾਂ ਆਖਿਆ ਕਿ ਲਾਈਟਾਂ ਬਹੁਤ ਦੇਰ ਦੀਆਂ ਖਰਾਬ ਹਨ। ਹੁਣ ਨਵਾਂ ਟੈਂਡਰ ਕੱਢਦੇ ਹਾਂ ਅਤੇ ਲਾਈਟਾਂ ਬਦਲਵਾਉਂਦੇ ਹਾਂ। ਝੂਟਿਆਂ ਅਤੇ ਫੁਹਾਰੇ ਦੀ ਗੱਲ ਵੀ ਮੇਰੇ ਨੋਟਿਸ ਵਿੱਚ ਹੈ ਉਹ ਵੀ ਜਲਦੀ ਹੀ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਕਰਾਂਗੇ। ਉਨਾਂ ਆਖਿਆ ਕਿ ਇੰਨੀ ਵੱਡੀ ਪਾਰਕ ਦਾ ਇੱਕੋ ਇੱਕ ਮਾਲੀ ਹੈ ਅਤੇ ਇਸ ਬਾਬਤ ਵੀ ਹਾਊਸ ਵਿੱਚ ਗੱਲ ਕਰਕੇ ਬਜਟ ਵਧਾ ਕੇ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਉਨਾਂ ਦਾ ਧਿਆਨ ਇਸ ਗੱਲ ਵੱਲ ਦਵਾਇਆ ਗਿਆ ਕਿ ਤੁਹਾਨੂੰ ਕੌਂਸਲਰ ਬਣਿਆ ਡੇਢ ਸਾਲ ਹੋ ਗਿਆ ਹੈ। ਉਨਾਂ ਨੂੰ ਸਵਾਲ ਕੀਤਾ ਗਿਆ ਕਿ ਮੰਤਰੀ ਵੀ ਆਪ ਦਾ ਤੇ ਕੌਂਸਲਰ ਵੀ ਆਪ ਪਾਰਟੀ ਦਾ ਤਾਂ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਤਾਂ ਉਨਾਂ ਆਖਿਆ ਜਲਦੀ ਹੀ ਇਸ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ । ਜੇ ਛੋਟੀ ਸਮੱਸਿਆ ਵੀ ਹੱਲ ਨਹੀਂ ਹੁੰਦੀ ਤਾਂ ਹੋਰ ਕੀ ਕਰੇਗੀ ਆਪ ਸਰਕਾਰ : ਢਿੱਲੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸਪੁੱਤਰ ਸਿਮਰਨ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਨਾ ਕਾਂਗਰਸ ਸਰਕਾਰ ਸਮਝ ਪਾਈ ਅਤੇ ਨਾ ਹੁਣ ਇਹ ਸਰਕਾਰ ਕਿ ਇਹ ਪਾਰਕਾਂ, ਬਾਗ਼-ਬਗ਼ੀਚੇ ਤਾਂ ਇਲਾਕੇ ਦਾ ਖਜਾਨਾ ਹੁੰਦੇ ਹਨ ਜੋ ਸਿੱਧੇ ਜਨਤਾ ਨੂੰ ਮਾਨਸਿਕ ਅਤੇ ਸਰੀਰਕ ਫਾਇਦਾ ਦਿੰਦੇ ਹਨ। ਜੇਕਰ ਇੰਨੀ ਛੋਟੀ ਸਮੱਸਿਆ ਹੱਲ ਨਹੀਂ ਹੁੰਦੀ ਹੋਰ ਕੀ ਕਰਨਾ ਹੈ। ਜੇਕਰ ਅੱਜ ਅਕਾਲੀ ਸਰਕਾਰ ਬਣ ਜਾਵੇ ਤੇ ਪੰਦਰਾਂ ਦਿਨਾ ਵਿੱਚ ਪਾਰਕ ਦਾ ਨਕਸ਼ਾ ਦੁਬਾਰਾ ਬਦਲ ਦਿਆਂਗਾ।