- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਰਮ ਬਾਜਵਾ ਦੇ ਨਵੇਂ ਦਫ਼ਤਰ ਵਿੱਚ ਬਲਾਕ ਕਾਂਗਰਸ ਦੀ ਅਹਿਮ ਮੀਟਿੰਗ

ਜ਼ਿਲ੍ਹਾ ਪ੍ਰਧਾਨ ਮੇਜਰ ਮੁੱਲਾਂਪੁਰ ਨੇ ਕੀਤੀ ਸ਼ਿਰਕਤ
ਨਵੇਂ ਅਹੁਦੇਦਾਰਾਂ ਨੂੰ ਵੰਡੇ ਸ਼ਨਾਖ਼ਤੀ ਕਾਰਡ, ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਲਿਆ ਅਹਿਦ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਾਮੀਆਂ ਕਲਾਂ : ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਕਰਮ ਸਿੰਘ ਬਾਜਵਾ ਦੇ ਨਵੇਂ ਦਫ਼ਤਰ ਵਿਖੇ ਬਲਾਕ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਮੁੱਲਾਂਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਮੇਜਰ ਮੁੱਲਾਂਪੁਰ ਅਤੇ ਵਿਕਰਮ ਬਾਜਵਾ ਨੇ ਸਾਂਝੇ ਤੌਰ ’ਤੇ ਪਾਰਟੀ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਅਹੁਦੇਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਖੇਤਰ ਵਿੱਚ ਪਾਰਟੀ ਨੂੰ ਮਜ਼ਬੂਤ ਕਰੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣੇ।
ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਹਰ ਵਰਕਰ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਹਰ ਘਰ ਤੱਕ ਕਾਂਗਰਸ ਦੀ ਸੋਚ ਅਤੇ ਨੀਤੀਆਂ ਪਹੁੰਚ ਸਕਣ। ਮੁੱਲਾਂਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਵਰਕਰਾਂ ਦੀ ਏਕਤਾ ਵਿੱਚ ਹੈ। ਉਨ੍ਹਾਂ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਗਠਨ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਹਰ ਵਰਕਰ ਬੂਥ ਪੱਧਰ ’ਤੇ ਸਰਗਰਮ ਹੋ ਕੇ ਕੰਮ ਕਰੇਗਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਮੀਟਿੰਗ ਦੇ ਅੰਤ ਵਿੱਚ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਇਕਜੁੱਟ ਹੋ ਕੇ ਇਹ ਪ੍ਰਣ ਲਿਆ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਰਮ ਬਾਜਵਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਲਈ ਦਿਨ-ਰਾਤ ਮਿਹਨਤ ਕਰਨਗੇ। ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਉਤਸ਼ਾਹਪੂਰਨ ਰਿਹਾ ਅਤੇ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਪਾਰਟੀ ਦੀ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤਾਜ ਪਰਮਿੰਦਰ ਸਿੰਘ ਸੋਨੂੰ, ਬਲਵੀਰ ਸਿੰਘ ਬੁੱਢੇਵਾਲ, ਰਮੇਸ਼ ਕੁਮਾਰ ਪੱਪੂ, ਰੁਪਿੰਦਰ ਸਿੰਘ ਨੂਰਵਾਲ, ਸ਼ਮਸ਼ੇਰ ਸਿੰਘ ਸ਼ੇਰੀ, ਰਾਜਦੀਪ ਸਿੰਘ ਬਿਲਗਾ, ਹਰ ਬਿਲਾਸ ਸਿੰਘ ਮੰਗਲੀ, ਜੈਮਲ ਸਿੰਘ ਚੌਹਾਨ, ਅਵਤਾਰ ਸਿੰਘ ਚਾਹਲ, ਯੂਥ ਕਾਂਗਰਸ ਦੇ ਪ੍ਰਧਾਨ ਬਲਕਾਰ ਸਿੰਘ ਮੰਗਲੀ, ਜਸਵਿੰਦਰ ਸਿੰਘ ਬਾਜਵਾ, ਸੁਰੇਸ਼ ਕੁਮਾਰ ਮੱਤੇਵਾੜਾ, ਸੁਨੀਤਾ ਤਨ ਜਾਨੀਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।