- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਕਰਵਾਈ ਵਿਸ਼ੇਸ਼ ਕਾਰਜਸ਼ਾਲਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੀਕਸ਼ਾਅਰੰਭ ਯੋਜਨਾ ਤਹਿਤ ਵੱਖ-ਵੱਖ ਕੋਰਸਾਂ ’ਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੀ ਸਿਖਲਾਈ ਦੇ ਪਹਿਲੇ ਦਿਨ ਵਿਦਿਆਰਥੀ ਭਲਾਈ, ਪੀਏਯੂ ਲੁਧਿਆਣਾ ਦੀ ਸਰਪ੍ਰਸਤੀ ਹੇਠ ਆਤਮ ਪਰਗਾਸ ਸੋਸ਼ਲ ਵੈੱਲਫੇਅਰ ਕੌਂਸਲ ਦੀ ਪੀਏਯੂ ਇਕਾਈ ਵੱਲੋਂ ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਵਿਦਿਆਰਥੀਆਂ ਦੀ ਸਚਿਆਰ ਮਨੁੱਖਾਂ ਵਜੋਂ ਸ਼ਖ਼ਸੀਅਤ ਉਸਾਰੀ ਲਈ ਵਿਸ਼ੇਸ਼ ਭਾਸ਼ਣ ਦਾ ਪ੍ਰਬੰਧ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਡਾ. ਜਸਵਿੰਦਰ ਸਿੰਘ ਲੈਕਚਰਾਰ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਪਟਿਆਲਾ ਰਾਸ਼ਟਰੀ ਸਨਮਾਨ ਪ੍ਰਾਪਤ ਨੇ ‘ਸਵਾਰਥੀ ਨਹੀਂ, ਸੇਵਾਰਥੀ ਬਣੀਏ’ ਵਿਸ਼ੇ ’ਤੇ ਮਹੱਤਵਪੂਰਨ ਵਿਚਾਰਾਂ ਬੜੇ ਹੀ ਰੌਚਕ ਢੰਗ ਨਾਲ਼ ਪੇਸ਼ ਕੀਤੀਆਂ। ਭਾਗ ਲੈ ਰਹੇ 600 ਤੋਂ ਵੱਧ ਵਿਦਿਆਰਥੀਆਂ ਨੇ ਵਿਚਾਰਾਂ ਦਾ ਅਨੰਦ ਮਾਣਿਆ ਅਤੇ ਨਿੱਜੀ ਸਵਾਰਥ ਤੋਂ ਉਤਾਂਹ ਉੱਠ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਆਪਣੇ-ਆਪ ਨੂੰ ਤਿਆਰ ਕਰਨ ਲਈ ਉਤਸ਼ਾਹਿਤ ਪ੍ਰਾਪਤ ਕੀਤਾ। ਉਨ੍ਹਾਂ ਦਿਲ ਖਿੱਚਵੇ ਢੰਗ ਨਾਲ਼ ਗਣਿਤ ਅਤੇ ਵਿਗਿਆਨ ਦੇ ਵੱਖ-ਵੱਖ ਪ੍ਰਯੋਗ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਗੁਣ ਧਾਰਨ ਕਰਨ ਅਤੇ ਸਚਿਆਰ ਮਨੁੱਖ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼-ਨਾਲ਼ ਆਤਮ ਵਿਸ਼ਵਾਸ ਨਾਲ਼ ਆਪਣੀ ਗੱਲ ਰੱਖਣ, ਅਧਿਆਪਕਾਂ ਤੋਂ ਅੱਗੇ ਵੱਧ ਕੇ ਸਿੱਖਣ ਅਤੇ ਪ੍ਰਾਪਤ ਕੀਤੀ ਸਿੱਖਿਆ ਨੂੰ ਵੰਡਣ ਲਈ ਮਾਨਸਿਕ ਤੌਰ ਤੇ ਤਿਆਰ ਕੀਤਾ।
ਡਾ. ਜਸਪ੍ਰੀਤ ਕੌਰ ਸਕੱਤਰ ਆਤਮ ਪਰਗਾਸ ਪੀਏਯੂ. ਇਕਾਈ ਅਤੇ ਸਹਾਇਕ ਪ੍ਰੋ. ਪੀਏਯੂ ਨੇ ਵਿਦਿਆਰਥੀਆਂ ਨੂੰ ਆਤਮ ਪਰਗਾਸ ਪੀਏਯੂ. ਇਕਾਈ ਵੱਲੋਂ ਗੁਰਦੁਆਰਾ ਸਾਹਿਬ ਪੀਏਯੂ ਵਿਖੇ ਹਰ ਬੁੱਧਵਾਰ ਸ਼ਾਮ 5:15 ਤੋਂ 6:15 ਵਜੇ ਤੱਕ ਕਰਵਾਈ ਜਾਂਦੀ ‘ਹਫ਼ਤਾਵਾਰੀ ਸ਼ਖ਼ਸੀਅਤ ਉਸਾਰੀ ਜਮਾਤ’ ਨਾਲ਼ ਜੁੜਨ ਅਤੇ ਆਪਣੀ ਸ਼ਖ਼ਸੀਅਤ ਦੀ ਘਾੜਤ ਘੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਆਗੂ, ਬੁਲਾਰਾ, ਲਿਖਾਰੀ, ਕਲਾਕਾਰ ਆਦਿ ਗੁਣ ਵਿਕਸਿਤ ਕਰਨ, ਚੰਗੇ ਨਾਗਰਿਕ ਬਣਨ, ਲੋਕਾਂ ਨਾਲ਼ ਵਿਵਹਾਰ ਕਰਨ ਸੰਬੰਧੀ ਸਿਖਲਾਈ ਪ੍ਰਾਪਤ ਕਰਨ, ਆਪਣੀ ਕਿਰਤ ਕਰਦਿਆਂ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਲਈ ਆਪਣੀ ਭੂਮਿਕਾ ਨਿਭਾਉਣ ਲਈ ਆਪਣੇ-ਆਪ ਨੂੰ ਸਮਰਪਿਤ ਕਰਨ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੂੰ ਉਪਰੋਕਤ ਸੰਬੰਧੀ ਸਿੱਖਿਅਤ ਕਰਨ ਲਈ ਆਤਮ ਪਰਗਾਸ ਵੱਲੋਂ ਸਮੇਂ-ਸਮੇਂ ਤੇ ਵਿਸ਼ੇਸ਼ ਸ਼ਖ਼ਸੀਅਤ ਸਿਖਲਾਈ ਕਾਰਜਸ਼ਾਲਾਵਾਂ, ਵਿੱਦਿਅਕ ਦੌਰੇ, ਅਗਵਾਈ ਅਤੇ ਸਮਰੱਥਾ ਵਿਕਾਸ ਕਾਰਜਸ਼ਾਲਾਵਾਂ, ਅੰਤਰ-ਰਾਸ਼ਟਰੀ ਸ਼ਖ਼ਸੀਅਤ ਉਸਾਰੀ ਕਾਰਜਸ਼ਾਲਾਵਾਂ ਕਰਵਾਈਆਂ ਜਾਂਦੀਆਂ ਹਨ। ਮੰਚ ਦਾ ਸੰਚਾਲਨ ਡਾ. ਸੁਮੇਧਾ ਭੰਡਾਰੀ ਪ੍ਰੋਫ਼ੈਸਰ ਅੰਗਰੇਜ਼ੀ, ਪੀਏਯੂ ਲੁਧਿਆਣਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਕੀਤਾ। ਡਾ. ਆਸ਼ੂ ਤੂਰ ਸਹਾਇਕ ਪ੍ਰੋਫ਼ੈਸਰ ਅੰਗਰੇਜ਼ੀ ਪੀਏਯੂ. ਅਤੇ ਯੂਨੀਵਰਸਿਟੀ ਦੇ ਹੋਰ ਅਧਿਆਪਕਾਂ ਨੇ ਡਾ. ਜਸਵਿੰਦਰ ਸਿੰਘ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।