- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਜਗਦੀਸ਼ ਕੌਰ ਦੀ ਸੇਵਾ ਮੁਕਤੀ ’ਤੇ ਵੱਖ ਵੱਖ ਸ਼ਖਸੀਅਤਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

-ਕਿਹਾ, 26 ਸਾਲ ਦੋ ਮਹੀਨੇ ਦੇ ਸਫ਼ਰ ਦੌਰਾਨ ਬਹੁਤ ਕੁੱਝ ਸਿੱਖਣ ਦਾ ਮਿਲਿਆ ਮੌਕਾ
19)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ’ਚ 26 ਸਾਲ ਦੋ ਮਹੀਨੇ ਦੀਆਂ ਸੇਵਾਵਾਂ ਨਿਭਾਉਣ ਪਿੱਛੋਂ ਪੰਜਾਬੀ ਦੇ ਪ੍ਰੋਫੈਸਰ ਡਾ. ਜਗਦੀਸ਼ ਕੌਰ ਸੇਵਾਮੁਕਤ ਹੋਏ। ਉਨ੍ਹਾਂ ਦੇ ਸ਼ੁੱਭਚਿੰਤਕਾਂ ਤੇ ਸਹਿਯੋਗੀਆਂ ਵੱਲੋਂ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ ਵਿੱਚ ਅਹਿਮ ਸ਼ਖਸ਼ੀਅਤਾਂ ਹਾਜ਼ਰ ਹੋਈਆਂ। ਜ਼ਿਕਰਯੋਗ ਹੈ ਕਿ ਡਾ. ਜਗਦੀਸ਼ ਕੌਰ ਆਪਣੀ ਸੇਵਾ ਦੌਰਾਨ ਅਪਰ ਨਿਰਦੇਸ਼ਕ ਸੰਚਾਰ, ਮੁਖੀ ਪੱਤਰਕਾਰੀ ਭਾਸ਼ਾਵਾਂ ਤੇ ਸੱਭਿਆਚਾਰ ਵਿਭਾਗ ਅਤੇ ਡਾਕਟਰ ਸੁਰਜੀਤ ਪਾਤਰ ਚੇਅਰ ਦੇ ਚੇਅਰਮੈਨ ਵਜੋਂ ਕਾਰਜਸ਼ੀਲ ਰਹੇ। ਯੂਨੀਵਰਸਿਟੀ ਦੌਰਾਨ ਆਪਣੇ ਸੁਨਹਿਰੀ ਯਾਦਾਂ ਨੂੰ ਯਾਦ ਕਰਦਿਆਂ ਡਾ.ਜਗਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਬਹੁਤ ਵੱਡੇ ਲੋਕਾਂ ਨਾਲ ਕੰਮ ਕੀਤਾ ਹੈ, ਜਿਨ੍ਹਾਂ ’ਚ ਸੁਰਜੀਤ ਪਾਤਰ, ਡਾ. ਐੱਸਐੱਨ ਸੇਵਕ, ਹਰਚਰਨ ਬੈਂਸ ਅਤੇ ਹੋਰ ਕਈ ਨਾਮ ਲਏ ਜਾ ਸਕਦੇ ਹਨ। ਇਨ੍ਹਾਂ ਦੇ ਬੌਧਿਕ ਅਤੇ ਅਕਾਦਮਿਕ ਗਿਆਨ ਨੂੰ ਗ੍ਰਹਿਣ ਕਰਦਿਆਂ ਆਪਣੇ ਵਿੱਤ ਮੁਤਾਬਕ ਸੇਵਾ ਨਿਭਾਈ। ਬਿਨਾਂ ਸ਼ੱਕ ਇਸ ਯੂਨੀਵਰਸਿਟੀ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ। ਕਿਸਾਨਾਂ ਨਾਲ ਕੰਮ ਕਰਦਿਆਂ ਅਤੇ ਇਸ ਯੂਨੀਵਰਸਿਟੀ ਵਿੱਚ ਹਰੀ ਕ੍ਰਾਂਤੀ ਦਾ ਮਿਊਜ਼ੀਅਮ ਬਣਾਉਂਦਿਆਂ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਕਿਹਾ ਕਿ 26 ਸਾਲ ਦੋ ਮਹੀਨੇ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਜੋ ਕੁੱਝ ਸਿੱਖਣ ਨੂੰ ਮਿਲਿਆ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਥੋੜਾ ਹੋਵੇਗਾ।
ਜ਼ਿਕਰਯੋਗ ਹੈ ਕਿ ਡਾ. ਜਗਦੀਸ਼ ਕੌਰ ਇਸ ਯੂਨੀਵਰਸਿਟੀ ਦੇ ਪਹਿਲੇ ਔਰਤ ਅਪਰ ਨਿਰਦੇਸ਼ਕ ਸੰਚਾਰ ਬਣੇ ਅਤੇ ਪੱਤਰਕਾਰੀ ਭਾਸ਼ਾਵਾਂ ਦੇ ਅਤੇ ਸੱਭਿਆਚਾਰ ਵਿਭਾਗ ਦੇ ਪਹਿਲੇ ਮਹਿਲਾ ਮੁਖੀ ਬਣੇ। ਉਨ੍ਹਾਂ ਆਪਣੇ ਸਹਿਯੋਗੀਆਂ ਡਾਕਟਰ ਸੁਮੇਧਾ ਭੰਡਾਰੀ, ਡਾਕਟਰ ਰਣਜੀਤ ਕੌਰ ਅਤੇ ਹੋਰ ਸਹਿਕਰਮੀਆਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਜਿਨਾਂ ਸਦਕਾ ਇਹ ਸਫਰ ਜਿਆਦਾ ਸਾਰਥਕ ਬਣਿਆ ਰਿਹਾ। ਇਸੇ ਕਰਮ ਭੂਮੀ ਤੇ ਖੇਤੀ ਨਾਲ ਜੁੜੇ ਅਖਾਣ ਇਕੱਠੇ ਕੀਤੇ 'ਦਰੀਆਂ ਵਾਲੀ ਪੇਟੀ' ਅਤੇ ‘ਸੱਭਿਆਚਾਰਕ ਪ੍ਰਸ਼ਨੋਤਰੀ’ ਪੁਸਤਕਾਂ ਦੀ ਸਿਰਜਣਾ ਹੋਈ। ਕਿਸੇ ਵੀ ਵਿਅਕਤੀ ਦੇ ਜੀਵਨ ਦਾ ਅੰਤ ਨਹੀਂ, ਸਗੋਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਉਹ ਭਵਿੱਖ ਵਿੱਚ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਰਹਿਣਗੇ ਤੇ ਆਪਣੇ ਤਜਰਬੇ ਦਾ ਲਾਭ ਨੌਜਵਾਨ ਪੀੜ੍ਹੀ ਨੂੰ ਦਿੰਦੇ ਰਹਿਣਗੇ। ਸ਼ੁੱਭਕਾਮਨਾਵਾਂ ਦਿੰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਜਗਦੀਸ਼ ਕੌਰ ਨੇ ਸਾਲਾਂ ਤੱਕ ਯੂਨੀਵਰਸਿਟੀ ਦੀ ਅਕਾਦਮਿਕ ਪਰੰਪਰਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਬੁਲਾਰਿਆਂ ਨੇ ਇਹ ਵੀ ਕਿਹਾ ਕਿ ਡਾ. ਜਗਦੀਸ਼ ਕੌਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਤੇ ਇਸ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕੀਤਾ। ਡਾ. ਜਗਦੀਸ਼ ਕੌਰ ਨੇ ਯੂਨੀਵਰਸਿਟੀ ਪ੍ਰਬੰਧਨ, ਆਪਣੇ ਸਹਿਕਰਮੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਮਿਲਿਆ ਪਿਆਰ, ਸਤਿਕਾਰ ਅਤੇ ਸਹਿਯੋਗ ਉਨ੍ਹਾਂ ਲਈ ਹਮੇਸ਼ਾ ਅਮੋਲਕ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਗਰੇਵਾਲ, ਡਾ. ਕਮਲਦੀਪ ਕੌਰ, ਡਾ. ਪਾਲ ਕੌਰ, ਡਾਕਟਰ ਕੁਲਦੀਪ ਸਿੰਘ, ਇੰਦਰਜੀਤ ਕੌਰ, ਡਾਕਟਰ ਜਫਨਬੀਰ, ਪਾਲੀ ਖਾਦਮ, ਜਗਦੀਪ ਦੀਪ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਹਰਲੀਨ ਸੋਨਾ, ਜਸਪ੍ਰੀਤ ਕੌਰ, ਲੱਜੂ ਸ਼ਰਮਾ, ਜਸਮੀਤ, ਕਮਲ ਸੰਘੇੜਾ, ਕੋਮਲਦੀਪ, ਚਰਨਜੀਤ ਕੌਰ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਲ ਹੋਈਆਂ।
--