ਯਾਦਗਾਰੀ ਰਿਹਾ ਕੁੰਦਨ ਲਾਲ ਗੰਗਾਣੀ ਦੀ ਜਨਮ ਸ਼ਤਾਬਦੀ ’ਤੇ ਕਰਵਾਇਆ ‘ਸ਼ੁੱਭ ਸਾਧਨਾ’ ਸਮਾਗਮ ਯਾਦਗਾਰੀ ਰਿਹਾ ਕੁੰਦਨ ਲਾਲ ਗੰਗਾਣੀ ਦੀ ਜਨਮ ਸ਼ਤਾਬਦੀ ’ਤੇ ਕਰਵਾਇਆ ‘ਸ਼ੁੱਭ ਸਾਧਨਾ’ ਸਮਾਗਮ
Publish Date: Sun, 19 Jul 2026 08:51 PM (IST)
Updated Date: Sun, 19 Jul 2026 08:52 PM (IST)
- ਖਿੱਚ ਦਾ ਕੇਂਦਰ ਰਹੀ 11 ਸਾਲਾ ਵਿਦਿਆਰਥਣ ਜੈਜੀਤ ਕੌਰ ਦੀ ਪੇਸ਼ਕਾਰੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਗੁਰੂ ਕੁੰਦਨ ਲਾਲ ਗੰਗਾਣੀ ਦੀ 100ਵੀਂ ਜਨਮ ਸ਼ਤਾਬਦੀ ਮੌਕੇ ਸ਼ੁੱਭ ਮੁਦਰਾ ਡਾਂਸ ਸਟੂਡੀਓ ਦੀ ਸੰਸਥਾਪਕ ਸ਼ੁੱਭਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ‘ਸ਼ੁੱਭ ਸਾਧਨਾ’ ਸਮਾਗਮ ਵਿੱਚ ਕਥਕ ਗੁਰੂ ਪੰਡਤ ਰਾਜਿੰਦਰ ਗੰਗਾਣੀ ਅਤੇ ਨਿੱਕੀ ਕਥਕ ਸਾਧਿਕਾ ਜੈਜੀਤ ਕੌਰ ਨੇ ਕਲਾ ਦਾ ਜਾਦੂ ਬਿਖੇਰਿਆ। ਉਨ੍ਹਾਂ ਆਪਣੀ ਬੇਮਿਸਾਲ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਰੋਹ ਦਾ ਇੱਕ ਹੋਰ ਖਾਸ ਆਕਰਸ਼ਣ ਸੀ 11 ਸਾਲਾ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੀ ਵਿਦਿਆਰਥਣ ਜੈਜੀਤ ਕੌਰ ਦਾ ਜਿਸ ਨੇ ਆਪਣੀ ਮਨਮੋਹਕ ਕਥਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਛੋਟੀ ਉਮਰ ਵਿੱਚ ਉਸ ਦੀ ਲੈਅ ’ਤੇ ਮਜ਼ਬੂਤ ਪਕੜ ਅਤੇ ਆਤਮਵਿਸ਼ਵਾਸ ਨੇ ਕਲਾ ਪ੍ਰੇਮੀਆਂ ਨੂੰ ਖਾਸ ਤੌਰ ’ਤੇ ਪ੍ਰਭਾਵਿਤ ਕੀਤਾ। ਉਸ ਦੀ ਪੇਸ਼ਕਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਸਮਰਪਿਤ ਸਾਧਨਾ ਅਤੇ ਉੱਤਮ ਮਾਰਗਦਰਸ਼ਨ ਨਾਲ ਨਵੀਂ ਪੀੜ੍ਹੀ ਭਾਰਤੀ ਸ਼ਾਸਤਰੀ ਕਲਾਵਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕਦੀ ਹੈ। ਸਮਾਰੋਹ ਦੌਰਾਨ ਹਾਜ਼ਰ ਮਹਿਮਾਨਾਂ ਨੇ ਸ਼ੁੱਭਜੀਤ ਕੌਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਭਾਰਤੀ ਸ਼ਾਸਤਰੀ ਨ੍ਰਿਤ ਦੇ ਸੰਰੱਖਣ ਅਤੇ ਸੰਵਰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਨੌਜਵਾਨ ਕਲਾਕਾਰਾਂ ਨੂੰ ਮਹਾਨ ਗੁਰੂਆਂ ਦੀ ਪਰੰਪਰਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਸਮਾਰੋਹ ਦੇ ਅਖੀਰ ਵਿੱਚ ਸਾਰੇ ਮਹਿਮਾਨਾਂ, ਗੁਰੂਜਨਾਂ, ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ‘ਸ਼ੁਭ ਸਾਧਨਾ ਨੇ ਨਾ ਸਿਰਫ਼ ਗੁਰੂ ਕੁੰਦਨਲਾਲ ਗੰਗਾਣੀ ਦੀ 100ਵੀਂ ਜਨਮ ਸ਼ਤਾਬਦੀ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ, ਸਗੋਂ ਲੁਧਿਆਣਾ ਦੇ ਸੱਭਿਆਚਾਰਕ ਇਤਿਹਾਸ ਵਿੱਚ ਵੀ ਇੱਕ ਯਾਦਗਾਰ ਅਧਿਆਇ ਜੋੜ ਦਿੱਤਾ। ਸਭ ਦਾ ਧੰਨਵਾਦ ਕਰਦੇ ਹੋਏ ਸ਼ੁੱਭਜੀਤ ਕੌਰ ਨੇ ਕਿਹਾ ਕਿ ‘ਸ਼ੁੱਭ ਸਾਧਨਾ’ ਸਿਰਫ਼ ਇੱਕ ਸੱਭਿਆਚਾਰਕ ਪ੍ਰੋਗਰਾਮ ਨਹੀਂ, ਸਗੋਂ ਗੁਰੂ ਕੁੰਦਨਲਾਲ ਗੰਗਾਣੀ ਦੀ ਅਮੂਲ ਵਿਰਾਸਤ, ਉਨ੍ਹਾਂ ਦੀ ਸਾਧਨਾ ਅਤੇ ਗੁਰੂ-ਚੇਲੇ ਪਰੰਪਰਾ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸ਼ਾਸਤਰੀ ਕਲਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੇ ਸਾਰੇ ਕਲਾਕਾਰਾਂ ਅਤੇ ਗੁਰੂਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਨਾਲ ਇਸ ਸਮਾਰੋਹ ਰਾਹੀਂ ਪੰਜਾਬ ਭਰ ਦੇ ਕਲਾਕਾਰਾਂ, ਵਿਦਿਆਰਥੀਆਂ ਅਤੇ ਕਲਾ ਪ੍ਰੇਮੀਆਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ, ਨਾਮਧਾਰੀ ਭਾਈਚਾਰੇ ਦੇ ਨੁਮਾਇੰਦਿਆਂ ਸਮੇਤ ਕਈ ਪ੍ਰਸਿੱਧ ਕਥਕ ਗੁਰੂਆਂ, ਸੰਗੀਤਕਾਰਾਂ, ਉਸਤਾਦਾਂ, ਕਲਾ ਸਮੀਖਿਆਕਾਰਾਂ ਅਤੇ ਸੱਭਿਆਚਾਰਕ ਖੇਤਰ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨ੍ਰਿਤ ਅਤੇ ਸੰਗੀਤ ਵਿਭਾਗਾਂ ਦੇ ਪ੍ਰੋਫੈਸਰ, ਕਲਾਕਾਰ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।