ਬਸਪਾ ਆਗੂਆਂ ਨੇ ਥਾਣਾ ਸਲੇਮ ਟਾਬਰੀ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਬਸਪਾ ਆਗੂਆਂ ਨੇ ਥਾਣਾ ਸਲੇਮ ਟਾਬਰੀ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
Publish Date: Sun, 19 Jul 2026 07:51 PM (IST)
Updated Date: Sun, 19 Jul 2026 07:52 PM (IST)
- ਮੰਗਾਂ ਨਾ ਮੰਨੇ ਜਾਣ ਤੱਕ ਪੱਕਾ ਧਰਨਾ ਵੀ ਜਾਰੀ ਰੱਖਣ ਦਾ ਐਲਾਨ ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ : ਜਲੰਧਰ ਬਾਈਪਾਸ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਬਾਹਰ ਲੱਗੇ ਸ਼ੀਸ਼ੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੀਤੇ ਦਿਨੀਂ ਨੁਕਸਾਨ ਪਹੁੰਚਾਉਣ ਦੀ ਘਟਨਾ ਦੇ ਵਿਰੋਧ ਵਿੱਚ ਜਿੱਥੇ ਐਤਵਾਰ ਨੂੰ ਵੀ ਬਸਪਾ ਆਗੂਆਂ ਦਾ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਇਕਾਈ ਵੱਲੋਂ ਪ੍ਰਧਾਨ ਬਲਵਿੰਦਰ ਜੱਸੀ ਦੀ ਅਗਵਾਈ ਹੇਠ ਪੱਕਾ ਧਰਨਾ ਜਾਰੀ ਰਿਹਾ। ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਜ਼ਮ ਵਿਅਕਤੀਆਂ ’ਤੇ ਕਾਰਵਾਈ ਨਾ ਕਰਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਜਲੰਧਰ ਬਾਈਪਾਸ ਤੋਂ ਥਾਣਾ ਸਲੇਮ ਟਾਬਰੀ ਤੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਆਗੂ ਵਿਧਾਇਕ ਨਛੱਤਰ ਪਾਲ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਲਈ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੇ ਧਰਨੇ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਐੱਫਆਈਆਰ ਨਹੀਂ ਕੱਟੀ ਗਈ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਬਹੁਜਨ ਸਮਾਜ ਪਾਰਟੀ ਨੂੰ ਅੱਜ ਰੋਸ ਮਾਰਚ ਕਰਨਾ ਪਿਆ। ਇਸ ਘਟਨਾ ਤੋਂ ਪਹਿਲਾਂ ਵੀ ਪੰਜਾਬ ਅੰਦਰ ਵੱਖ-ਵੱਖ ਅਜਿਹੀਆਂ 9 ਘਟਨਾਵਾਂ ਵਾਪਰ ਚੁੱਕੀਆ ਹਨ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚਰਨਛੋਹ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਕਾਰ ਦੀ ਮਨਜ਼ੂਰੀ ਨਾਲ ਸ਼ਰਾਬ ਦੇ ਠੇਕੇ ਖੁਲਵਾ ਕੇ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦਾ ਅਪਮਾਨ ਕੀਤਾ ਗਿਆ। ਇਨ੍ਹਾਂ ਸਾਰੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਅਤੇ ਕੇਂਦਰ ਨਿਖੇਧੀ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਸਪਾ ਵੱਲੋਂ ਚਲਾਈ ਗਈ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜ ਕੇ 2027 ਵਿੱਚ ਆਮ ਆਦਮੀ ਦੀ ਸਰਕਾਰ ਹਰ ਮੁੱਦੇ ’ਤੇ ਫੇਲਅਰ ਸਰਕਾਰ ਨੂੰ ਚੱਲਦਾ ਕਰੀਏ। ਵਿਧਾਇਕ ਨਛੱਤਰ ਪਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਲਦੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਬਸਪਾ ਪੰਜਾਬ ਵੱਲੋਂ ਬਾਬਾ ਸਾਹਿਬ ਦੇ ਬੁੱਤਾਂ ਦੇ ਅਪਮਾਨ ਦੀ ਲੜਾਈ ਪੂਰੇ ਪੰਜਾਬ ਵਿੱਚ ਸ਼ੁਰੂ ਕਰੇਗੀ। ਇਸ ਮੌਕੇ ਪੁਲਿਸ ਅਧਿਕਾਰੀ ਨੇ ਬਸਪਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੁੱਤ ਦੇ ਨੇੜੇ ਤੇੜੇ ਲੱਗੇ ਕੈਮਰਿਆਂ ਦੀ ਫੁਟੇਜ ਬਰੀਕੀ ਨਾਲ ਖੰਗਾਲ ਰਹੇ ਹਨ, ਜੋ ਵੀ ਮੁਲਜ਼ਮ ਵਿਅਕਤੀ ਹੋਵੇਗਾ, ਉਸ ਖ਼ਿਲਾਫ਼ ਉਹ ਸਖਤ ਕਾਰਵਾਈ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਬਸਪਾ ਆਗੂ ਬਲਵਿੰਦਰ ਬਿੱਟਾ, ਖੁਸ਼ੀ ਰਾਮ, ਪਰਗਣ ਬਿਲਗਾ, ਜੀਤ ਰਾਮ ਬਸਰਾ, ਬਹਾਦਰ ਸਿੰਘ ਸਰੀਂਹ, ਅਮਨਦੀਪ ਢਿੱਲੋਂ, ਮਾਸਟਰ ਰਾਜ ਕਾਮਾਰ, ਸੋਨੂੰ ਅੰਬੇਡਕਰ, ਇੰਦਰੇਸ਼ ਤੋਮਰ, ਬਿੱਟੂ ਸ਼ੇਰਪੁਰੀ, ਕੁਲਦੀਪ ਸਾਂਪਲਾ, ਚੇਅਰਪਰਸਨ ਸੰਦੀਪ ਕੌਰ, ਅਨੀਤਾ ਪੋਲ ਸੰਮਤੀ ਮੈਂਬਰ, ਮਹਿੰਦਰ ਸਿੰਘ ਤੇਹਿੰਗ, ਬਲਵਿੰਦਰ ਕੋਚ, ਹੁਸਨ ਲਾਲ ਜਨਾਗਲ, ਅਮਰੀਕ ਸਿੰਘ ਘੁਲਾਲ, ਮਨਜੀਤ ਸਿੰਘ ਬਾੜੇਵਾਲ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਸੁਰਜੀਤ ਪੋਲ, ਰਵੀਕਾਂਤ ਜੱਖੂ, ਸੁਖਦੇਵ ਚੱਢਾ, ਕਪਿਲ ਕੁਮਾਰ, ਰਜਿੰਦਰ ਨਿੱਕਾ, ਨਰੇਸ਼ ਬਸਰਾ, ਗੁਰਦਿਆਲ ਸਿੰਘ, ਸੁਰਜਨ ਠੇਕੇਦਾਰ, ਅਮਰਜੀਤ ਸਿੰਘ, ਬਲਦੇਵ ਮੱਲ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਰੋਸ ਮਾਰਚ ਨੂੰ ਸੰਬੋਧਨ ਕੀਤਾ।