- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਮੀਂਹ ਨੇ ‘ਸਮਾਰਟ ਸਿਟੀ’ ਲੁਧਿਆਣਾ ਦੀ ਪੇਸ਼ ਕੀਤੀ ‘ਡਰਟੀ ਪਿਕਚਰ’

- ਬਾਰਿਸ਼ ਦਾ ਪਾਣੀ ਭਰਨ ਕਾਰਨ ਲੋਕਾਂ ਨੂੰ ਲੰਘਣ ਵੇਲੇ ਹੋਈ ਭਾਰੀ ਪਰੇਸ਼ਾਨੀ
- ਦਿਵਿਆਂਗ ਵਿਅਕਤੀ ਦਾ ਸਕੂਟਰ ਪਾਣੀ ’ਚ ਹੋਇਆ ਬੰਦ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਥੋੜ੍ਹੇ ਜਿਹੇ ਮੀਂਹ ਨੇ ਹੀ ਸਮਾਰਟ ਸਿਟੀ ਲੁਧਿਆਣਾ ਨੂੰ ਜਲਥਲ ਕਰ ਦਿੱਤਾ ਹੈ। ਸ਼ਹਿਰ ਦੀਆਂ ਬਹੁਤੀਆਂ ਸੜਕਾਂ ’ਤੇ ਪਾਣੀ ਖੜ੍ਹਾ ਨਜ਼ਰ ਆਇਆ ਅਤੇ ਕਈ ਥਾਵਾਂ ’ਤੇ ਸੀਵਰੇਜ ਜ਼ਾਮ ਕਰ ਕੇ ਗੰਦਾ ਪਾਣੀ ਵੀ ਸੜਕਾਂ ਉੱਪਰ ਆ ਗਿਆ। ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਨੂੰ ਮਾਨਚੈਸਟਰ ਆਫ਼ ਇੰਡੀਆ ਕਿਹਾ ਜਾਂਦਾ ਹੈ, ਪਰ ਇਸ ਸ਼ਹਿਰ ਦੀ ਮੁੱਖ ਐਂਟਰੀ ਵਾਲੀ ਸੜਕ ਤੇ ਹੋਰ ਸੜਕਾਂ ਦੀ ਹਾਲਤ ਦੇਖ ਕੇ ਬਹੁਤ ਨਿਰਾਸ਼ਾ ਹੋਈ ਹੈ। ਦਿੱਲੀ ਵੱਲੋਂ ਲੁਧਿਆਣਾ ਵਿੱਚ ਦਾਖ਼ਲ ਹੋਣ ਸਮੇਂ ਹਾਈਵੇ ਤੋਂ ਸਰਵਿਸ ਲੇਨ ਵੱਲ ਉਤਰਦੇ ਰੈਂਪ ’ਤੇ ਇੰਨਾ ਪਾਣੀ ਖੜ੍ਹਾ ਸੀ ਕਿ ਰਾਹਗੀਰਾਂ ਲਈ ਲੰਘਣਾ ਵੀ ਮੁਸ਼ਕਿਲ ਹੋ ਗਿਆ। ਸਭ ਤੋਂ ਦੁਖਦਾਈ ਦ੍ਰਿਸ਼ ਉਹ ਸੀ, ਜਿੱਥੇ ਇੱਕ ਦਿਵਿਆਂਗ (ਹੈਂਡੀਕੈਪਡ) ਵਿਅਕਤੀ ਦਾ ਸਕੂਟਰ ਪਾਣੀ ਵਿੱਚ ਬੰਦ ਹੋ ਗਿਆ ਅਤੇ ਉਹ ਮਜਬੂਰੀ ਵਿੱਚ ਉਸ ਨੂੰ ਧੱਕਾ ਲਾ ਕੇ ਲੈ ਜਾਂਦਾ ਨਜ਼ਰ ਆਇਆ। ਇਹ ਦ੍ਰਿਸ਼ ਸਾਡੇ ਪ੍ਰਸ਼ਾਸਨ ਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਇੱਕ ਵੱਡਾ ਸਵਾਲ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਤਨਖਾਹਾਂ ਮਿਲਦੀਆਂ ਹਨ, ਕੀ ਉਹ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਨਤਾ ਦਿਨ-ਰਾਤ ਮਿਹਨਤ ਕਰਦੀ ਹੈ, ਟੈਕਸ ਭਰਦੀ ਹੈ ਅਤੇ ਇਹ ਉਮੀਦ ਰੱਖਦੀ ਹੈ ਕਿ ਬਦਲੇ ਵਿੱਚ ਉਸ ਨੂੰ ਚੰਗੀਆਂ ਸੜਕਾਂ, ਸਾਫ਼-ਸੁਥਰੀ ਨਿਕਾਸੀ ਪ੍ਰਣਾਲੀ ਤੇ ਬੁਨਿਆਦੀ ਸਹੂਲਤਾਂ ਮਿਲਣਗੀਆਂ। ਪਰ ਬਦਲੇ ਵਿੱਚ ਟੁੱਟੀਆਂ ਸੜਕਾਂ, ਸੀਵਰੇਜ ਦਾ ਗੰਦਾ ਪਾਣੀ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਹੀ ਕਿਉਂ ਮਿਲਦੀ ਹੈ।
ਢੰਡਾਰੀ ਇੰਡਸਟਰੀਅਲ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੇ ਨੁਮਾਇੰਦੇ ਸਿਰਫ਼ ਦਾਅਵੇ ਨਾ ਕਰਨ, ਸਗੋਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਵਿਕਾਸ ਸਿਰਫ਼ ਭਾਸ਼ਣਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕੀਤੇ ਕੰਮਾਂ ਨਾਲ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੰਬੰਧਤ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਲੁਧਿਆਣਾ ਦੀ ਇਸ ਮੁੱਖ ਐਂਟਰੀ ਨੂੰ ਜਲਦੀ ਤੋਂ ਜਲਦੀ ਸੁਧਾਰਨ ਲਈ ਠੋਸ ਕਦਮ ਚੁੱਕਣਗੇ। ਇਸੇ ਤਰ੍ਹਾਂ ਲੁਧਿਆਣਾ ਦੇ ਪੌਸ਼ ਇਲਾਕੇ ਸਰਾਭਾ ਨਗਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਾਣੀ ਵਿੱਚ ਖੜ੍ਹੇ ਨਜ਼ਰ ਆਏ। ਦੋ ਪਹੀਆ ਵਾਹਨਾਂ ਨੂੰ ਪਾਣੀ ਵਿੱਚੋਂ ਲੰਘ ਕੇ ਆਪਣੀ ਵਾਹਨ ਲੈ ਕੇ ਜਾਣਾ ਪਿਆ। ਇਸ ਮਾਰਕੀਟ ’ਤੇ ਪਿਛਲੀ ਕਾਂਗਰਸੀ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ। ਪਰ ਹਰ ਵਾਰ ਮੀਂਹ ਦਾ ਪਾਣੀ ਖੜ੍ਹਾ ਹੋਣ ਨਾਲ ਕਰੋੜਾਂ ਰੁਪਏ ਪਾਣੀ ਵਿੱਚ ਵਹਾਏ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਦੀਆਂ ਹੋਰ ਕਈ ਮਾਰਕੀਟਾਂ ਤੇ ਸੜਕਾਂ ’ਤੇ ਪਾਣੀ ਖੜ੍ਹਾ ਨਜ਼ਰ ਆਇਆ।