- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਖ਼ਰ ’ਤੇ ਬੈਠ ਕੇ ਵੀ ਕਾਂ ਕਦੇ ਬਾਜ਼ ਨਹੀਂ ਬਣ ਸਕਦਾ- ਸਾਧਵੀ ਮਨੂ ਭਾਰਤੀ

- ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਇਆ ਗਿਆ ਹਫ਼ਤਾਵਰੀ ਸਤਿਸੰਗ ਪ੍ਰੋਗਰਾਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ਵਿੱਚ ਹਫ਼ਤਾਵਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਸਾਧਵੀ ਮਨੂ ਭਾਰਤੀ ਨੇ ਕਿਹਾ ਕਿ ਬਿਨਾਂ ਸ਼ੱਕ ਹਰ ਮਨੁੱਖ ਜੀਵਨ ਵਿੱਚ ਸਭ ਤੋਂ ਵਧੀਆ ਬਣਨਾ ਚਾਹੁੰਦਾ ਹੈ ਅਤੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਸਾਡੇ ਧਰਮ ਗ੍ਰੰਥ ਵਿੱਚ ਮਨੁੱਖੀ ਜੀਵਨ ਦੇ ਲਈ ਸ਼ੁਰੂ ਤੋਂ ਅੰਤ ਤੱਕ, ਪੌੜੀਆਂ ਤੋਂ ਲੈ ਕੇ ਸਿਖਰ ਤੱਕ, ਰਸਤੇ ਤੋਂ ਮੰਜ਼ਿਲ ਤੱਕ ਇੱਕ ਹੀ ਬਿੰਦੂ ’ਤੇ ਚਰਚਾ ਕੀਤੀ ਗਈ ਹੈ ਅਤੇ ਉਹ ਹੈ ਮਨੁੱਖੀ ਜੀਵਨ ਦੀ ਅਧਿਆਤਮਿਕ ਉੱਨਤੀ। ਕਿਸੇ ਵੀ ਇਨਸਾਨ ਨੂੰ ਮੁਕਤੀ ਅਤੇ ਅਧਿਆਤਮਿਕ ਉੱਨਤੀ ਲਈ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਜਿਸ ਦੇ ਬਲਬੂਤੇ ਤੇ ਉਹ ਸਾਧਾਰਨ ਤੋਂ ਉੱਪਰ ਉੱਠ ਕੇ ਅਸਾਧਾਰਨ ਚੇਤਨਾ ਦਾ ਮਾਲਿਕ ਬਣੇ। ਚਾਣਕਿਆ ਨੇ ਇਹ ਵੀ ਕਿਹਾ ਕਿ ਗੁਣਾਂ ਨਾਲ ਹੀ ਮਨੁੱਖਤਾ ਦੀ ਪੂਜਾ ਹੁੰਦੀ ਹੈ, ਉੱਚੇ ਸਿੰਘਾਸਣ ’ਤੇ ਬੈਠ ਕੇ ਨਹੀਂ। ਸਿਖਰ ’ਤੇ ਬੈਠ ਕੇ ਵੀ ਕਾਂ ਕਦੇ ਬਾਜ਼ ਨਹੀਂ ਬਣ ਸਕਦਾ। ਜੇਕਰ ਅਸੀਂ ਸਮਾਜ ਵੱਲ ਵੇਖੀਏ ਤਾਂ ਵਿਕਾਰ ਮਨੁੱਖਤਾ ਨੂੰ ਅੰਦਰੋਂ ਘੁਣ ਵਾਂਗ ਖੋਖਲਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਅਧਿਆਤਮਿਕ ਉੱਨਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਚੇਤਨਾ ਦਾ ਵਿਕਾਸ ਕਿਵੇਂ ਸੰਭਵ ਹੈ। ਸਾਡੇ ਮਹਾਂਪੁਰਖਾਂ ਨੇ ਕਿਹਾ ਹੈ ਕਿ ਇਹ ਸਿਰਫ਼ ‘ਬ੍ਰਹਮਗਿਆਨ' ਰਾਹੀਂ ਹੀ ਸੰਭਵ ਹੈ, ਜੋ ਸਾਨੂੰ ਉਸ ਸਮੇਂ ਦੇ ਪੂਰਨ ਸਤਿਗੁਰੂ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਵਿਅਕਤੀ ਦਾ ਜਦੋਂ ਅੰਦਰੂਨੀ ਪਤਨ ਹੁੰਦਾ ਹੈ ਤਾਂ ਉੱਨਤੀ ਦੇ ਸਾਰੇ ਭੌਤਿਕ ਰਸਤੇ ਅਸਫਲ ਸਾਬਤ ਹੁੰਦੇ ਹਨ। ਸਿਰਫ਼ ਇੱਕ ਮਾਰਗ ਹੱਲ ਪ੍ਰਦਾਨ ਕਰਦਾ ਹੈ ਅਤੇ ਉਹ ਹੈ ਸਦਗੁਰੂ। ਸਦਗੁਰੂ ਠੰਢੀ ਸੁਆਹ ਵਿੱਚ ਵੀ ਨਵੀਂ ਸਿਰਜਣਾ ਦੀ ਚੰਗਿਆੜੀ ਸੁੱਟਦੇ ਹਨ। ਉਹ ਹਾਰ ਦੀ ਚੁੱਪ ਵਿੱਚ ਜਿੱਤ ਦਾ ਬਿਗੁਲ ਵਜਾ ਦਿੰਦੇ ਹਨ। ਉਹ ਜ਼ੀਰੋ ਤੋਂ ਬ੍ਰਹਮਾ ਤੱਕ ਦੀ ਯਾਤਰਾ ਕਰਵਾਉਂਦੇ ਹਨ। ਇਹ ਗੁਰੂ ਦੀ ਸਮਰੱਥਤਾ ਹੀ ਹੈ, ਜੋ ਮਨੁੱਖ ਨੂੰ ਦੁਬਾਰਾ ਖੜ੍ਹੇ ਹੋਣ ਅਤੇ ਵਿਕਾਰਾਂ ਅਤੇ ਬੁਰੀਆਂ ਆਦਤਾਂ ਵਿਰੁੱਧ ਲੜਨ ਦਾ ਅਦਭੁੱਤ ਹੌਸਲਾ ਦਿੰਦੀ ਹੈ। ਇਸ ਮੌਕੇ ਸਾਧਵੀ ਕੁਲਦੀਪ ਭਾਰਤੀ ਅਤੇ ਰਜਨੀ ਭਾਰਤੀ ਨੇ ਸੁਰੀਲੇ ਭਜਨ ਗਾਏ।