‘ਆਪ’ ਸਰਕਾਰ ਦੇ ਸ਼ਾਸਨ ’ਚ ਉਦਯੋਗ ਉਲਟੀ ਦਿਸ਼ਾ ਵੱਲ, ਪੰਜਾਬ ਦਾ ਉਦਯੋਗਿਕ ਵਿਕਾਸ ਠੱਪ : ਦੀਵਾਨ ਆਪ ਸਰਕਾਰ ਦੇ ਸ਼ਾਸਨ ਵਿੱਚ ਉਦਯੋਗ ਉਲਟੀ ਦਿਸ਼ਾ ਵੱਲ, ਪੰਜਾਬ ਦਾ ਉਦਯੋਗਿਕ ਵਿਕਾਸ ਠੱਪ-ਦੀਵਾਨ
Publish Date: Sun, 19 Jul 2026 06:37 PM (IST)
Updated Date: Sun, 19 Jul 2026 06:40 PM (IST)
- ਕਿਹਾ ਟੈਰਿਫ਼ ਤੋਂ ਟੈਕਸ ਤੱਕ ‘ਆਪ’ ਸਰਕਾਰ ਦੀਆਂ ਨੀਤੀਆਂ ਨੇ ਉਦਯੋਗਾਂ ਦਾ ਗਲਾ ਘੁੱਟਿਆ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਦੇ ਉਦਯੋਗਿਕ ਢਾਂਚੇ ਦੀ ਖਸਤਾ ਹਾਲਤ ’ਤੇ ਗੰਭੀਰ ਚਿੰਤਾ ਜਤਾਈ ਹੈ। ਦੀਵਾਨ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਅਤੇ ਭਾਰਤ ਦੇ ਮੈਨਚੈਸਟਰ ਵਜੋਂ ਮਸ਼ਹੂਰ ਲੁਧਿਆਣਾ ਦਾ ਨਿਰਮਾਣ ਖੇਤਰ ਲਗਾਤਾਰ ਗਿਰਾਵਟ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪਿਛਲੇ ਕੁੱਝ ਸਾਲਾਂ ਵਿੱਚ ਉਦਯੋਗਾਂ ਦੇ ਲਗਾਤਾਰ ਪਤਨ ਨੇ ਨਾ ਸਿਰਫ਼ ਲੁਧਿਆਣਾ ਦੀ ਆਰਥਿਕ ਸਥਿਤੀ ਕਮਜ਼ੋਰ ਹੋਈ ਹੈ, ਸਗੋਂ ਇਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਖਤਰੇ ਵਿੱਚ ਪੈ ਗਈ ਹੈ। ਦੀਵਾਨ ਨੇ ਪੰਜਾਬ ਦੇ ਉਦਯੋਗਿਕ ਪਤਨ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇੱਕ ਸਮਾਂ ਸੀ, ਜਦੋਂ ਲੁਧਿਆਣਾ ਟੈਕਸਟਾਈਲ, ਹੋਜ਼ਰੀ, ਸਾਈਕਲ, ਆਟੋ ਪਾਰਟਸ, ਮਸ਼ੀਨ ਟੂਲਜ਼, ਗਾਰਮੈਂਟਸ, ਊਨੀ ਕੱਪੜੇ ਅਤੇ ਪਲਾਸਟਿਕ ਸਮੇਤ ਕਈ ਉਦਯੋਗਾਂ ਦਾ ਮਜ਼ਬੂਤ ਕੇਂਦਰ ਸੀ, ਪਰ ਅੱਜ ਇਹ ਗਲਤ ਨੀਤੀਆਂ ਕਾਰਨ ਉਦਯੋਗਿਕ ਤਬਾਹੀ ਦੀ ਮਿਸਾਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦਨ ਲਾਗਤ ਵਿੱਚ ਲਗਾਤਾਰ ਵਾਧਾ, ਮਹਿੰਗੀ ਬਿਜਲੀ, ਭਾਰੀ ਟੈਕਸ ਅਤੇ ਮਨਜ਼ੂਰੀਆਂ ਦੀ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਨੇ ਵੱਡੀ ਗਿਣਤੀ ਵਿੱਚ ਉਦਯੋਗਿਕ ਇਕਾਈਆਂ ਨੂੰ ਬੰਦ ਹੋਣ ਲਈ ਮਜਬੂਰ ਕਰ ਦਿੱਤਾ ਹੈ, ਜਿਸ ਨਾਲ ਲੁਧਿਆਣਾ ਦੀ ਉਦਯੋਗਿਕ ਪਛਾਣ ਖੋਖਲੀ ਹੋ ਰਹੀ ਹੈ। ਦੀਵਾਨ ਨੇ ਕਿਹਾ ਕਿ ਭਾਵੇਂ ਪੂਰਾ ਉਦਯੋਗਿਕ ਖੇਤਰ ਸੰਕਟ ਵਿੱਚ ਹੈ, ਪਰ ਸਭ ਤੋਂ ਵੱਡੀ ਮਾਰ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈਜ਼ ਖੇਤਰ) ’ਤੇ ਪਈ ਹੈ, ਜੋ ਲੁਧਿਆਣਾ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਦਿੰਦੇ ਹਨ। ਉਨ੍ਹਾਂ ਕਿਹਾ ਹੈ ਕਿ ਫੈਕਟਰੀਆਂ ਬੰਦ ਹੋਣ ਅਤੇ ਉਦਯੋਗਾਂ ਦੇ ਦੂਜੇ ਸੂਬਿਆਂ ਵੱਲ ਜਾਣ ਕਾਰਨ ਉਹ ਮਜ਼ਦੂਰ, ਜੋ ਪਹਿਲਾਂ ਇੱਜ਼ਤ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ, ਅੱਜ ਦੋ ਵੇਲੇ ਦੀ ਰੋਟੀ ਲਈ ਵੀ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਲਈ, ਦੀਵਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਦੋਵਾਂ ’ਤੇ ਉਦਯੋਗਾਂ ਪ੍ਰਤੀ ਲਾਪ੍ਰਵਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਅਣਦੇਖੀ ਕਾਰਨ ਕਈ ਵੱਡੇ ਉਦਯੋਗਿਕ ਘਰਾਣਿਆਂ ਨੇ ਆਪਣੇ ਵਿਸਥਾਰ ਪ੍ਰੋਜੈਕਟ ਉਨ੍ਹਾਂ ਸੂਬਿਆਂ ਵਿੱਚ ਲਿਜਾਣੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਉਨ੍ਹਾਂ ਨੂੰ ਪ੍ਰੋਤਸਾਹਨ, ਸਸਤੀ ਬਿਜਲੀ ਅਤੇ ਉਦਯੋਗ-ਪੱਖੀ ਨੀਤੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਜਾਣ ਵਾਲੀ ਹਰ ਉਦਯੋਗਿਕ ਇਕਾਈ ਇਸ ਗੱਲ ਦਾ ਜਿਉਂਦਾ-ਜਾਗਦਾ ਸਬੂਤ ਹੈ ਕਿ ਸੂਬੇ ਦੀ ਸਰਕਾਰ ਉਦਯੋਗਾਂ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਦੀਵਾਨ ਨੇ ਕਿਹਾ ਕਿ ਬਹੁਤ ਪ੍ਰਚਾਰਿਆ ਜਾਂਦਾ ਪੰਜਾਬ ਇਨਵੈਸਟ ਸਮਿੱਟ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਇੱਕ ਦਿਖਾਵਾ ਮਾਤਰ ਹੈ, ਜਿਸ ਦਾ ਮਕਸਦ ਇਹ ਭਰਮ ਪੈਦਾ ਕਰਨਾ ਹੈ ਕਿ ਪੰਜਾਬ ਵਿੱਚ ਵੱਡੇ ਉਦਯੋਗਿਕ ਨਿਵੇਸ਼ ਆ ਰਹੇ ਹਨ। ਜਦਕਿ ਅਸਲ ਹਕੀਕਤ ਇਹ ਹੈ ਕਿ ਮਹਿੰਗੀ ਬਿਜਲੀ, ਭਾਰੀ ਟੈਕਸਾਂ ਅਤੇ ਮਨਜ਼ੂਰੀਆਂ ਦੀ ਲੰਬੀ ਪ੍ਰਕਿਰਿਆ ਕਾਰਨ ਪੰਜਾਬ ਵਿੱਚ ਕੋਈ ਨਵੀਂ ਉਦਯੋਗਿਕ ਇਕਾਈ ਸਥਾਪਿਤ ਨਹੀਂ ਹੋ ਰਹੀ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਤੇ ਤਨਜ਼ ਕੱਸਦਿਆਂ ਦੀਵਾਨ ਨੇ ਕਿਹਾ ਕਿ ਸਿਰਫ਼ ਸਾਢੇ ਚਾਰ ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਪੰਜਾਬ ਦੇ ਉਦਯੋਗਾਂ ਨੂੰ ਵਿਕਾਸ ਦੀ ਰਫ਼ਤਾਰ ਦੇਣ ਦੀ ਬਜਾਏ ਉਲਟੀ ਦਿਸ਼ਾ ਵੱਲ ਧੱਕ ਦਿੱਤਾ ਹੈ। ਦੀਵਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕੁੱਝ ਮਹੀਨਿਆਂ ਤੱਕ ਆਉਣ ਵਾਲੀਆਂ ਚੋਣਾਂ ਵਿਚ ਇੱਕ ਸਭ ਤੋਂ ਮਾੜੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਦੇ ਸੱਤਾ ਵਿੱਚ ਵਾਪਸ ਆਉਣ ਉਪਰੰਤ ਉਦਯੋਗਿਕ ਖੇਤਰ ਨੂੰ ਮੁੜ ਸੁਰਜੀਤ ਕਰਨ, ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਅਤੇ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੀ ਰਾਹ ’ਤੇ ਦੁਬਾਰਾ ਲਿਆਉਣ ਲਈ ਠੋਸ ਕਦਮ ਚੁੱਕੇ ਜਾਣਗੇ।