- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਦੇ ਹਾਈ ਸਿਕਿਉਰਟੀ ਇਲਾਕੇ 'ਚ ਚੋਰਾਂ ਦਾ ਬੇਖੌਫ ਕਾਰਨਾਮਾ

- ਡੀਸੀ ਦੀ ਰਿਹਾਇਸ਼ ਤੋਂ ਕੁਝ ਘਰਾਂ ਦੀ ਦੂਰੀ ’ਤੇ ਖੜ੍ਹੀ ਫੋਰਚੂਨਰ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ
- ਕਾਰ ਇੱਟਾਂ ’ਤੇ ਛੱਡ ਕੇ ਚੋਰ ਹੋਏ ਫ਼ਰਾਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਲੁਧਿਆਣਾ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਰੱਖਬਾਗ ਇਲਾਕੇ ਵਿੱਚ ਚੋਰਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਮਹਿਜ਼ ਤਿੰਨ ਘਰਾਂ ਦੀ ਦੂਰੀ ’ਤੇ ਖੜ੍ਹੀ ਕਾਰੋਬਾਰੀ ਕੁਸ਼ਲਦੀਪ ਸਿੰਘ ਸੇਖੋਂ ਦੀ ਲਗਜ਼ਰੀ ਫੋਰਚੂਨਰ ਕਾਰ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ ਗਏ ਅਤੇ ਚੋਰ ਕਾਰ ਨੂੰ ਇੱਟਾਂ ’ਤੇ ਖੜ੍ਹੀ ਕਰਕੇ ਬੇਖੌਫ਼ ਫ਼ਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਹਾਈ ਸਕਿਓਰਿਟੀ ਇਲਾਕੇ ਵਿੱਚ ਇਸ ਤਰ੍ਹਾਂ ਦੀ ਚੋਰੀ ਨੇ ਸ਼ਹਿਰ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰੱਖਬਾਗ ਇਲਾਕੇ ਵਿੱਚ ਰਹਿਣ ਵਾਲੇ ਪ੍ਰਸਿੱਧ ਕਾਰੋਬਾਰੀ ਕੁਸ਼ਲਦੀਪ ਸਿੰਘ ਸੇਖੋਂ ਆਪਣੇ ਪਰਿਵਾਰਕ ਦੁੱਖ ਕਾਰਨ ਬਹਿਬਲ ਕਲਾਂ ਇਲਾਕੇ ਵਿੱਚ ਆਪਣੇ ਦਾਦਾ ਜੀ ਦੇ ਦੇਹਾਂਤ ’ਤੇ ਗਏ ਹੋਏ ਸਨ। ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੀ ਫੋਰਚੂਨਰ ਕਾਰ ਖੜ੍ਹੀ ਸੀ। ਐਤਵਾਰ ਸਵੇਰੇ ਜਦੋਂ ਅਖ਼ਬਾਰ ਵੰਡਣ ਵਾਲਾ ਘਰ ਪਹੁੰਚਿਆ ਤਾਂ ਉਸ ਦੀ ਨਜ਼ਰ ਕਾਰ ’ਤੇ ਪਈ। ਕਾਰ ਦੇ ਚਾਰੇ ਟਾਇਰ ਰਿਮਾਂ ਸਮੇਤ ਗਾਇਬ ਸਨ ਅਤੇ ਪੂਰੀ ਗੱਡੀ ਇੱਟਾਂ ਦੇ ਸਹਾਰੇ ਖੜ੍ਹੀ ਸੀ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ। ਕੁਸ਼ਲਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਲਗਜ਼ਰੀ ਕਾਰਾਂ ਹਨ ਅਤੇ ਉਨ੍ਹਾਂ ਦਾ ਘਰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਕੇਵਲ ਤਿੰਨ ਘਰਾਂ ਦੀ ਦੂਰੀ ’ਤੇ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਇਹ ਕਾਰ 2022 ਮਾਡਲ ਹੈ ਉਨ੍ਹਾਂ ਦਾ ਨੁਕਸਾਨ ਢਾਈ ਲੱਖ ਰੁਪਏ ਦੇ ਕਰੀਬ ਹੋਇਆ ਹੈ। ਰੱਖਬਾਗ ਨੂੰ ਲੁਧਿਆਣਾ ਦਾ ਹਾਈ ਸਕਿਓਰਿਟੀ ਇਲਾਕਾ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਕਈ ਸੀਨੀਅਰ ਸਰਕਾਰੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਹਨ। ਇਸ ਦੇ ਬਾਵਜੂਦ ਚੋਰਾਂ ਨੇ ਬਿਨਾਂ ਕਿਸੇ ਡਰ ਦੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੇਖੋਂ ਨੇ ਕਿਹਾ ਕਿ ਜੇਕਰ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਇਲਾਕੇ ਵਿੱਚ ਵੀ ਲੋਕਾਂ ਦੀਆਂ ਮਹਿੰਗੀਆਂ ਗੱਡੀਆਂ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਮੁਤਾਬਕ ਵਾਰਦਾਤ ਦੀਆਂ ਤਸਵੀਰਾਂ ਅਤੇ ਗਤੀਵਿਧੀਆਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ, ਜਿਸ ਨਾਲ ਉਮੀਦ ਹੈ ਕਿ ਦੋਸ਼ੀਆਂ ਤੱਕ ਜਲਦੀ ਪਹੁੰਚਿਆ ਜਾ ਸਕੇਗਾ।
ਉੱਧਰ ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ-8 ਦੇ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਹਰ ਪੱਖ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਤਕਨੀਕੀ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਕੁਝ ਦਿਨ ਪਹਿਲਾਂ ਵੀ ਇਸੇ ਰੱਖਬਾਗ ਇਲਾਕੇ ਵਿੱਚ ਇੱਕ ਹਿਊਂਡਾਈ ਆਈ-20 ਕਾਰ ਦੇ ਚਾਰੇ ਟਾਇਰ ਵੀ ਇਸੇ ਤਰੀਕੇ ਨਾਲ ਚੋਰੀ ਕਰ ਲਏ ਗਏ ਸਨ। ਇੱਕੋ ਇਲਾਕੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਇਸ ਗਿਰੋਹ ਤੱਕ ਕਿੰਨੀ ਜਲਦੀ ਪਹੁੰਚਦੀ ਹੈ। ਫਿਲਹਾਲ ਇਸ ਘਟਨਾ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਸ਼ਹਿਰ ਦੇ ਹਾਈ ਸਕਿਓਰਿਟੀ ਇਲਾਕਿਆਂ ਵਿੱਚ ਵੀ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।