‘ਲਵੇਬਲ ਰਾਸਕਲ' ਨਾਟਕ ਨੇ ਬੰਨ੍ਹਿਆ ਸਮਾਂ, ਦਰਸ਼ਕਾਂ ਨੇ ਕੀਤੀ ਭਰਪੂਰ ਸ਼ਲਾਘਾ ਗੁਰੂ ਨਾਨਕ ਭਵਨ ’ਚ ‘ਲਵੇਬਲ ਰਾਸਕਲ' ਨਾਟਕ ਨੇ ਬੰਨ੍ਹਿਆ ਸਮਾਂ, ਦਰਸ਼ਕਾਂ ਨੇ ਕੀਤੀ ਭਰਪੂਰ ਸ਼ਲਾਘਾ
Publish Date: Sat, 18 Jul 2026 11:12 PM (IST)
Updated Date: Sun, 19 Jul 2026 04:05 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਸੰਸਕ੍ਰਿਤਕ ਸਮਾਗਮ (ਐੱਲਐੱਸਐੱਸ) ਵੱਲੋਂ ਸੁਨੀਲ ਕਾਂਤ ਮੁੰਜਾਲ ਦੀ ਦੇਖ ਰੇਖ ਹੇਠ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਸ਼ਨਿੱਚਰਵਾਰ ਨੂੰ ਗੁਰੂ ਨਾਨਕ ਭਵਨ ਵਿਖੇ ਮੰਚਿਤ ਕੀਤੇ ਗਏ ਹਾਸ-ਵਿਅੰਗ ਨਾਲ ਭਰਪੂਰ ਨਾਟਕ ‘ਲਵੇਬਲ ਰਾਸਕਲ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮਹੇਸ਼ ਮੰਜਰੇਕਰ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਇਸ ਨਾਟਕ ਵਿੱਚ ਹਾਸੇ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਨੂੰ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਕਾਰਨ ਹਾਲ ਵਿੱਚ ਮੌਜੂਦ ਦਰਸ਼ਕਾਂ ਨੇ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੀ ਜ਼ੋਰਦਾਰ ਤਾੜੀਆਂ ਨਾਲ ਹੌਸਲਾ ਅਫ਼ਜ਼ਾਈ ਕੀਤੀ, 7.30 ਵਜੇ ਕਰੀਬ ਸ਼ੁਰੂ ਹੋਏ 2 ਘੰਟੇ ਦੇ ਇਸ ਨਾਟਕ ਨੂੰ ਦੋ ਭਾਗਾਂ ਵਿੱਚ ਵਿਖਾਇਆ ਗਿਆ ਜੋ ਰਾਤ 9.30 ਵਜੇ ਸਮਾਪਤ ਹੋਇਆ। ਨਾਟਕ ਦੀ ਕਹਾਣੀ ਅੱਜ ਦੇ ਨੌਜਵਾਨਾਂ ਦੀ ਬਦਲ ਰਹੀ ਸੋਚ, ਸੋਸ਼ਲ ਮੀਡੀਆ ਦੇ ਪ੍ਰਭਾਵ, ਦਿਖਾਵੇ ਵਾਲੀ ਜ਼ਿੰਦਗੀ ਅਤੇ ਰਿਸ਼ਤਿਆਂ ਵਿੱਚ ਘਟ ਰਹੇ ਭਰੋਸੇ ਨੂੰ ਕੇਂਦਰ ਵਿੱਚ ਰੱਖ ਕੇ ਬੁਣੀ ਗਈ ਸੀ। ਹਾਸੇ ਨਾਲ ਭਰਪੂਰ ਦ੍ਰਿਸ਼ਾਂ ਅਤੇ ਚੁਟੀਲੇ ਸੰਵਾਦਾਂ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਸੱਚਾਈ, ਇਮਾਨਦਾਰੀ ਅਤੇ ਆਪਸੀ ਵਿਸ਼ਵਾਸ ਹੀ ਹਰ ਰਿਸ਼ਤੇ ਦੀ ਅਸਲ ਤਾਕਤ ਹਨ। ਨਾਟਕ ਦੇ ਹਰ ਦ੍ਰਿਸ਼ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ। ਪੰਜ ਕਲਾਕਾਰਾਂ ਜਿੰਨ੍ਹਾਂ ਵਿੱਚ ਅਨੂੰ ਸ਼ਾਹ ਦਾਂਡੇਕਰ, ਸੁਮੇਧ ਮੁਧਰਾਲਕਰ, ਜਾਇਸ਼ ਠੱਕਰ, ਕੁਹੂ ਸਿੰਘ ਅਤੇ ਕਰਨ ਬੇਂਦਰੇ ਸ਼ਾਮਲ ਸਨ, ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬੜੀ ਸਹਿਜਤਾ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਨਿਭਾਇਆ। ਮੰਚ ਸਜਾਵਟ, ਰੌਸ਼ਨੀ ਅਤੇ ਸੰਗੀਤ ਨੇ ਪੇਸ਼ਕਾਰੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ। ਹਾਸੇ ਨਾਲ ਭਰਪੂਰ ਮੌਕਿਆਂ ਤੇ ਦਰਸ਼ਕ ਖੁੱਲ੍ਹ ਕੇ ਹੱਸੇ, ਜਦਕਿ ਭਾਵਨਾਤਮਕ ਦ੍ਰਿਸ਼ਾਂ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕੀਤਾ। ਨਾਟਕ ਨੇ ਇਹ ਸੰਦੇਸ਼ ਵੀ ਦਿੱਤਾ ਕਿ ਦਿਖਾਵੇ ਅਤੇ ਝੂਠ ਦੇ ਆਧਾਰ ਤੇ ਬਣੇ ਰਿਸ਼ਤੇ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੇ। ਪਰਿਵਾਰਕ ਮੁੱਲਾਂ, ਆਪਸੀ ਸਤਿਕਾਰ ਅਤੇ ਜ਼ਿੰਮੇਵਾਰੀ ਨੂੰ ਅਪਣਾਉਣਾ ਹੀ ਖੁਸ਼ਹਾਲ ਜੀਵਨ ਦੀ ਕੁੰਜੀ ਹੈ। ਇਸ ਸੰਦੇਸ਼ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਸਮਾਗਮ ਦੌਰਾਨ ਰੰਗਮੰਚ ਨਾਲ ਜੁੜੇ ਕਲਾਕਾਰਾਂ ਅਤੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬੀ ਨਾਟਕ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾਟਕ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਪੰਜਾਬੀ ਸੱਭਿਆਚਾਰ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਅੰਤ ਵਿੱਚ ਦਰਸ਼ਕਾਂ ਨੇ ਖੜ੍ਹੇ ਹੋ ਕੇ ਕਲਾਕਾਰਾਂ ਦਾ ਸਨਮਾਨ ਕੀਤਾ ਅਤੇ ਪੂਰੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਨਾਟਕ ਦੀ ਟੀਮ ਵਿੱਚ ਸ਼ਾਮਲ ਅਰੁਨਾ ਨਿਤਿਨ ਪੁਜਾਰੀ ਨੇ ਦੱਸਿਆ ਕਿ ਏਜੀਪੀ ਵਰਲਡ ਦਾ ਲੁਧਿਆਣਾ ਵਿੱਚ ਇਹ 10ਵਾਂ ਸ਼ੋਅ ਹੈ ਜਦ ਕਿ ਇਸ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਇਸ ਦਾ ਮੰਚਨ ਹੋ ਚੁੱਕਾ ਹੈ।