ਖਾਕੀ ਵਰਦੀ ਦਾ ਉਹ ਚਿਹਰਾ, ਜਿਸ ਨੂੰ ਦੇਖ ਕੇ ਹਰ ਕੋਈ ਕਰਦਾ ਹੈ ਸਲਾਮ ਖਾਕੀ ਵਰਦੀ ਦਾ ਉਹ ਚਿਹਰਾ, ਜਿਸ ਨੂੰ ਦੇਖ ਕੇ ਹਰ ਕੋਈ ਕਰਦਾ ਹੈ ਸਲਾਮ
Publish Date: Sat, 18 Jul 2026 08:22 PM (IST)
Updated Date: Sun, 19 Jul 2026 04:04 AM (IST)
ਡਿਊਟੀ ਨਿਭਾਉਂਦਿਆਂ ਟ੍ਰੈਫਿਕ ਪੁਲਿਸ ਦਾ ਸਬ-ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ ਲੋੜਵੰਦਾਂ ਦੇ ਪੂੰਝ ਰਿਹਾ ਹੰਝੂ ਲੱਖਾਂ ਲੋਕਾਂ ਲਈ ਬਣਿਆ ਉਮੀਦ ਤੇ ਇਨਸਾਨੀਅਤ ਦਾ ਪ੍ਰਤੀਕ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਖਾਕੀ ਵਰਦੀ ਦੀ ਪਛਾਣ ਆਮ ਤੌਰ ਤੇ ਕਾਨੂੰਨ ਦੀ ਪਾਲਣਾ ਕਰਵਾਉਣ, ਟ੍ਰੈਫਿਕ ਸੰਭਾਲਣ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨਾਲ ਹੁੰਦੀ ਹੈ। ਪਰ ਜਦੋਂ ਇਹੀ ਖਾਕੀ ਕਿਸੇ ਨੰਗੇ ਪੈਰ ਤੁਰਦੇ ਮਜ਼ਦੂਰ ਦੇ ਪੈਰਾਂ ਵਿੱਚ ਜੁੱਤੇ ਪਾਉਂਦੀ ਹੈ, ਭੁੱਖੇ ਦੇ ਹੱਥ ਵਿੱਚ ਰੋਟੀ ਰੱਖਦੀ ਹੈ, ਠੰਢ ਵਿੱਚ ਕੰਬਦੇ ਬਜ਼ੁਰਗ ਨੂੰ ਕੱਪੜੇ ਪਹਿਨਾਉਂਦੀ ਹੈ ਅਤੇ ਕਿਸੇ ਬੇਸਹਾਰਾ ਦੇ ਚਿਹਰੇ ਤੇ ਮੁਸਕਾਨ ਵਾਪਸ ਲਿਆਉਂਦੀ ਹੈ ਤਾਂ ਲੋਕਾਂ ਦੀ ਨਜ਼ਰ ਵਿੱਚ ਵਰਦੀ ਦਾ ਅਰਥ ਹੀ ਬਦਲ ਜਾਂਦਾ ਹੈ। ਲੁਧਿਆਣਾ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ ਨੇ ਆਪਣੀ ਸੇਵਾ, ਇਮਾਨਦਾਰੀ ਅਤੇ ਮਨੁੱਖਤਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਦੀ ਅਸਲ ਤਾਕਤ ਸਿਰਫ਼ ਕਾਨੂੰਨ ਲਾਗੂ ਕਰਨ ਵਿੱਚ ਨਹੀਂ, ਸਗੋਂ ਲੋਕਾਂ ਦੇ ਦਿਲ ਜਿੱਤਣ ਵਿੱਚ ਵੀ ਹੈ। ਇਹੀ ਕਾਰਨ ਹੈ ਕਿ ਅੱਜ ਉਹ ਸੜਕਾਂ ਤੇ ਟ੍ਰੈਫਿਕ ਸੰਭਾਲਣ ਵਾਲੇ ਪੁਲਿਸ ਮੁਲਾਜ਼ਮ ਤੋਂ ਕਿਤੇ ਵੱਧ, ਲੱਖਾਂ ਲੋਕਾਂ ਲਈ ਇਨਸਾਨੀਅਤ ਦਾ ਚਿਹਰਾ ਬਣ ਚੁੱਕੇ ਹਨ। ਆਪਣੀ ਡਿਊਟੀ ਦੌਰਾਨ ਸਬ-ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ ਦੀ ਨਜ਼ਰ ਸਿਰਫ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਹੀਂ ਹੁੰਦੀ, ਸਗੋਂ ਉਨ੍ਹਾਂ ਲੋਕਾਂ ਤੇ ਵੀ ਹੁੰਦੀ ਹੈ ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹੁੰਦੇ ਹਨ। ਉਨ੍ਹਾਂ ਦੀ ਸਰਕਾਰੀ ਗੱਡੀ ਵਿੱਚ ਹਮੇਸ਼ਾ ਨਵੀਆਂ ਜੁੱਤੀਆਂ, ਕੱਪੜੇ, ਖਾਣ-ਪੀਣ ਦਾ ਸਮਾਨ ਅਤੇ ਹੋਰ ਜ਼ਰੂਰੀ ਵਸਤਾਂ ਮੌਜੂਦ ਰਹਿੰਦੀਆਂ ਹਨ। ਜਿਵੇਂ ਹੀ ਕੋਈ ਗਰੀਬ , ਬਜ਼ੁਰਗ, ਮਜ਼ਦੂਰ ਜਾਂ ਬੇਸਹਾਰਾ ਵਿਅਕਤੀ ਉਨ੍ਹਾਂ ਨੂੰ ਲੋੜਵੰਦ ਦਿਖਾਈ ਦਿੰਦਾ ਹੈ, ਉਹ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਉਸ ਦੀ ਮਦਦ ਲਈ ਅੱਗੇ ਵਧ ਜਾਂਦੇ ਹਨ। ਇਸ ਸੇਵਾ ਲਈ ਉਹ ਨਾ ਕਿਸੇ ਸੰਸਥਾ ਤੋਂ ਸਹਾਇਤਾ ਲੈਂਦੇ ਹਨ ਅਤੇ ਨਾ ਹੀ ਕਿਸੇ ਤੋਂ ਚੰਦਾ ਮੰਗਦੇ ਹਨ। ਹਰ ਖਰਚਾ ਉਹ ਆਪਣੀ ਜੇਬ ਵਿੱਚੋਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਕਿਸੇ ਦੇ ਚਿਹਰੇ ਤੇ ਆਈ ਮੁਸਕਾਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਹੈ। ਉਨ੍ਹਾਂ ਦੀ ਇਹ ਸੇਵਾ ਹੁਣ ਸਿਰਫ਼ ਲੁਧਿਆਣਾ ਤੱਕ ਸੀਮਤ ਨਹੀਂ ਰਹੀ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਇੰਸਟਾਗ੍ਰਾਮ ਨਾਲ ਚਾਰ ਲੱਖ ਅਠੱਤੀ ਹਜ਼ਾਰ ਤੋਂ ਵੱਧ ਲੋਕ ਜੁੜੇ ਹੋਏ ਹਨ, ਜਦਕਿ ਯੂਟਿਊਬ ਤੇ ਇਹ ਗਿਣਤੀ ਵੀਹ ਲੱਖ ਤੋਂ ਪਾਰ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਵੀਡੀਓ ਸਿਰਫ਼ ਮਨੋਰੰਜਨ ਨਹੀਂ, ਸਗੋਂ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ। ਕਈ ਵੀਡੀਓ ਲੱਖਾਂ ਅਤੇ ਕਰੋੜਾਂ ਲੋਕਾਂ ਤੱਕ ਪਹੁੰਚ ਚੁੱਕੀਆਂ ਹਨ। ਇੱਕ ਵੀਡੀਓ, ਜਿਸ ਵਿੱਚ ਉਨ੍ਹਾਂ ਨੇ ਟੁੱਟੀਆਂ ਜੁੱਤੀਆਂ ਪਾ ਕੇ ਤੁਰ ਰਹੇ ਇੱਕ ਵਿਅਕਤੀ ਨੂੰ ਨਵੀਆਂ ਜੁੱਤੀਆਂ ਪਹਿਨਾਉਣਾ , ਇੱਕ ਕਰੋੜ ਵੀਹ ਲੱਖ ਤੋਂ ਵੱਧ ਲੋਕਾਂ ਨੇ ਦੇਖੀ। ਇਸ ਇੱਕ ਘਟਨਾ ਨੇ ਦੱਸ ਦਿੱਤਾ ਕਿ ਇਨਸਾਨੀਅਤ ਦੀ ਭਾਸ਼ਾ ਹਰ ਦਿਲ ਸਮਝਦਾ ਹੈ। ਬਾਕਸ-- ਸੇਵਾ ਦੇ ਰਾਹ ’ਤੇ ਕਿਵੇਂ ਲੱਗੇ ਸਬ-ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ ਦੇ ਜੀਵਨ ਦਾ ਇੱਕ ਅਜਿਹਾ ਵਾਕਿਆ ਵੀ ਹੈ, ਜਿਸ ਨੇ ਉਨ੍ਹਾਂ ਦੀ ਸੋਚ ਅਤੇ ਸੇਵਾ ਦੇ ਰਾਹ ਨੂੰ ਨਵੀਂ ਦਿਸ਼ਾ ਦਿੱਤੀ। ਅਗਸਤ 2010 ਵਿੱਚ ਜਦੋਂ ਉਹ ਹੈੱਡ ਕਾਂਸਟੇਬਲ ਵਜੋਂ ਡਿਊਟੀ ਨਿਭਾ ਰਹੇ ਸਨ, ਰਾਤ ਸਮੇਂ ਉਨ੍ਹਾਂ ਨੇ ਇੱਕ ਪਰਿਵਾਰ ਨੂੰ ਸੜਕ ਕਿਨਾਰੇ ਖ਼ਰਾਬ ਹੋਈ ਕਾਰ ਨਾਲ ਪਰੇਸ਼ਾਨ ਦੇਖਿਆ। ਉਨ੍ਹਾਂ ਨੇ ਪਹਿਲਾਂ ਖੁਦ ਕਾਰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮਕੈਨਿਕ ਲਿਆ ਕੇ ਕਾਰ ਠੀਕ ਕਰਵਾਈ। ਪਰਿਵਾਰ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸੜਕ ਤੇ ਹੀਰਿਆਂ ਅਤੇ ਸੋਨੇ ਨਾਲ ਜੜਿਆ ਕੀਮਤੀ ਹਾਰ ਮਿਲਿਆ, ਜੋ ਉਸੇ ਪਰਿਵਾਰ ਦਾ ਸੀ। ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਕਾਰ ਦਾ ਪਿੱਛਾ ਕੀਤਾ ਅਤੇ ਲੱਖਾਂ ਰੁਪਏ ਕੀਮਤ ਦਾ ਹਾਰ ਸਹੀ-ਸਲਾਮਤ ਵਾਪਸ ਕਰ ਦਿੱਤਾ। ਪਰਿਵਾਰ ਦੀਆਂ ਅੱਖਾਂ ਵਿੱਚ ਆਈ ਖੁਸ਼ੀ ਅਤੇ ਖਾਕੀ ਨੂੰ ਕੀਤਾ ਗਿਆ ਸਲਾਮ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਬਣ ਗਿਆ। ਉਹ ਕਹਿੰਦੇ ਹਨ ਕਿ ਉਸ ਦਿਨ ਮਿਲੀ ਆਤਮਿਕ ਸੰਤੁਸ਼ਟੀ ਨੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਪੁਲਿਸ ਦੀ ਅਸਲੀ ਪਛਾਣ ਲੋਕਾਂ ਦਾ ਭਰੋਸਾ ਜਿੱਤਣਾ ਹੈ। ਬਾਕਸ-- ਵਿਸ਼ੇਸ਼ ਸਨਮਾਨ ਨਾਲ ਨਿਵਾਜ਼ੇ ਗਏ ਸਨ ਸਬ-ਇੰਸਪੈਕਟਰ ਅਸ਼ੋਕ ਉਨ੍ਹਾਂ ਦੀ ਇਮਾਨਦਾਰੀ ਤੇ ਸ਼ਲਾਘਾਯੋਗ ਕਾਰਜ ਨੂੰ ਦੇਖਦਿਆਂ ਸਾਲ 2015 ਵਿੱਚ ਆਜ਼ਾਦੀ ਦਿਵਸ ਮੌਕੇ ਲੁਧਿਆਣਾ ਪੁਲਿਸ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਨਮਾਨ ਨੇ ਉਨ੍ਹਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕੀਤਾ। ਮਿਲਿਆ ਹੈ ਸਿਲਵਰ ਕਰੇਟਰ ਅਵਾਰਡ ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਬਹੁਤ ਸਾਰੇ ਲੋਕ ਮਦਦ ਲਈ ਤਰਸ ਰਹੇ ਸਨ, ਉਸ ਸਮੇਂ ਅਸ਼ੋਕ ਕੁਮਾਰ ਚੌਹਾਨ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਸੇਵਾ ਦੇ ਇਹ ਪਲ ਲੋਕਾਂ ਤੱਕ ਪਹੁੰਚਾਉਣੇ ਸ਼ੁਰੂ ਕੀਤੇ। ਕੁਝ ਹੀ ਸਮੇਂ ਵਿੱਚ ਉਨ੍ਹਾਂ ਦੇ ਵੀਡੀਓ ਦੇਸ਼-ਵਿਦੇਸ਼ ਤੱਕ ਪਹੁੰਚ ਗਏ। ਯੂਟਿਊਬ ਤੇ ਇੱਕ ਲੱਖ ਫੋਲੋਵਰ ਪੂਰੇ ਹੋਣ ਤੇ ਉਨ੍ਹਾਂ ਨੂੰ ਸਿਲਵਰ ਕ੍ਰੀਏਟਰ ਐਵਾਰਡ ਮਿਲਿਆ, ਜਦਕਿ ਦੋ ਸਾਲ ਪਹਿਲਾਂ ਵੀਹ ਲੱਖ ਫੋਲੋਵਰ ਦਾ ਅੰਕੜਾ ਪਾਰ ਕਰਨ ਤੇ ਉਨ੍ਹਾਂ ਨੂੰ ਗੋਲਡਨ ਕ੍ਰੀਏਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਲੱਖਾਂ ਦਰਸ਼ਕਾਂ ਅਤੇ ਵੱਡੀ ਲੋਕਪ੍ਰਿਯਤਾ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸਮਾਜਿਕ ਮਾਧਿਅਮਾਂ ਨੂੰ ਕਦੇ ਆਮਦਨ ਦਾ ਸਾਧਨ ਨਹੀਂ ਬਣਾਇਆ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਪੈਸਾ ਕਮਾਉਣਾ ਨਹੀਂ, ਸਗੋਂ ਸਮਾਜ ਵਿੱਚ ਸੇਵਾ ਦੀ ਸੋਚ ਨੂੰ ਅੱਗੇ ਵਧਾਉਣਾ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਹੋਰ ਲੋਕ ਵੀ ਆਪਣੇ ਆਲੇ-ਦੁਆਲੇ ਕਿਸੇ ਇੱਕ ਲੋੜਵੰਦ ਦੀ ਮਦਦ ਕਰਨ ਦਾ ਸੰਕਲਪ ਲੈਣ। ਅੱਜ ਜਦੋਂ ਪੁਲਿਸ ਦੀ ਛਵੀ ਬਾਰੇ ਅਕਸਰ ਵੱਖ-ਵੱਖ ਚਰਚਾਵਾਂ ਹੁੰਦੀਆਂ ਹਨ, ਉਦੋਂ ਸਬ-ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ ਵਰਗੇ ਅਧਿਕਾਰੀ ਇਹ ਸਾਬਤ ਕਰ ਰਹੇ ਹਨ ਕਿ ਖਾਕੀ ਦੀ ਅਸਲੀ ਤਾਕਤ ਡਰ ਨਹੀਂ, ਭਰੋਸਾ ਹੈ,ਅਹੁਦਾ ਨਹੀਂ, ਸੇਵਾ ਹੈ ਅਤੇ ਵਰਦੀ ਦੀ ਸਭ ਤੋਂ ਵੱਡੀ ਸ਼ਾਨ ਲੋਕਾਂ ਦੇ ਦਿਲਾਂ ਵਿੱਚ ਬਣੀ ਇੱਜ਼ਤ ਹੈ। ਇਹੀ ਕਾਰਨ ਹੈ ਕਿ ਲੁਧਿਆਣਾ ਦੀਆਂ ਸੜਕਾਂ ਤੇ ਡਿਊਟੀ ਕਰਦਾ ਇਹ ਪੁਲਿਸ ਅਧਿਕਾਰੀ ਅੱਜ ਸਿਰਫ਼ ਟ੍ਰੈਫਿਕ ਨਹੀਂ ਸੰਭਾਲ ਰਿਹਾ, ਸਗੋਂ ਇਨਸਾਨੀਅਤ ਦੀ ਮਿਸਾਲ ਵੀ ਕਾਇਮ ਕਰ ਰਿਹਾ ਹੈ।