ਰਾਜਪਾਲ ਕਟਾਰੀਆ ਤੇ ਕੇਂਦਰੀ ਰਾਜ ਮੰਤਰੀ ਚੌਧਰੀ ਨੇ 1044 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਨਰਲ ਲਈ-ਪੰਜਾਬ ਦੇ ਰਾਜਪਾਲ ਕਟਾਰੀਆ ਤੇ ਕੇਂਦਰੀ ਰਾਜ ਮੰਤਰੀ ਚੌਧਰੀ ਨੇ 1,044 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
Publish Date: Thu, 16 Jul 2026 07:22 PM (IST)
Updated Date: Fri, 17 Jul 2026 04:07 AM (IST)
- ਸਨ ਫਾਊੁਂਡੇਸ਼ਨ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਦੁਆਉਣਾ ਸ਼ਲਾਘਾਯੋਗ : ਰਾਜਪਾਲ ਕਟਾਰੀਆ ਫ਼ੋਟੋ ਨੰਬਰ- 11, 12 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਨ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਬਹੁਪੱਖੀ ਹੁਨਰ ਵਿਕਾਸ ਕੇਂਦਰ (ਐੱਮਐੱਸਡੀਸੀ) ’ਚ ਵਿਸ਼ਵ ਯੁਵਾ ਹੁਨਰ ਦਿਵਸ ਮੌਕੇ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ, ਸਰਕਾਰੀ ਆਈਟੀਆਈ ਕੈਂਪਸ ਗਿੱਲ ਰੋਡ ਲੁਧਿਆਣਾ ਵਿਖੇ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਮੈਂਬਰ ਰਾਜ ਸਭਾ ਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਰੋਹ ’ਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਅਤੇ ਹੁਨਰ ਵਿਕਾਸ ਤੇ ਉਦਯਮਤਾ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਜਯੰਤ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸਮਾਗਮ ਦੌਰਾਨ ਸਨ ਫਾਊਂਡੇਸ਼ਨ ਦੇ ਪੰਜਾਬ ਭਰ ਦੇ ਹੁਨਰ ਵਿਕਾਸ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ 1,044 ਨੌਜਵਾਨਾਂ ਨੂੰ ਸਰਟੀਫਿਕੇਟ ਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਪੰਜਾਬ ਦੇ ਰਾਜਪਾਲ ਕਟਾਰੀਆ ਨੇ ਹੁਨਰ ਵਿਕਾਸ ਤੇ ਰੁਜ਼ਗਾਰ ਸਿਰਜਣ ਦੇ ਖੇਤਰ ’ਚ ਸਨ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਪਦਮਸ੍ਰੀ ਡਾ. ਸਾਹਨੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਦੀਆਂ ਪਹਿਲਕਦਮੀਆਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਵੀ ਯਕੀਨੀ ਬਣਾ ਰਹੀਆਂ ਹਨ। ਕੇਂਦਰੀ ਰਾਜ ਮੰਤਰੀ ਚੌਧਰੀ ਨੇ ਪੰਜਾਬ ’ਚ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਪਦਮਸ੍ਰੀ ਡਾ. ਸਾਹਨੀ ਤੇ ਸਨ ਫਾਊਂਡੇਸ਼ਨ ਟੀਮ ਦੀ ਸ਼ਲਾਘਾ ਕੀਤੀ। ਪਦਮਸ੍ਰੀ ਡਾ. ਸਾਹਨੀ ਨੇ ਕਿਹਾ ਕਿ ਹੁਨਰ ਵਿਕਾਸ ਤੇ ਰੁਜ਼ਗਾਰ ਸਿਰਜਣਾ ਪੰਜਾਬ ’ਚ ਬੇਰੁਜ਼ਗਾਰੀ, ਨਸ਼ਾਖੋਰੀ ਤੇ ਪਰਵਾਸ ਵਰਗੀਆਂ ਚੁਣੌਤੀਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੈ। ਉਨ੍ਹਾਂ ਦੱਸਿਆ ਕਿ ਸਨ ਫਾਊਂਡੇਸ਼ਨ ਅੱਜ ਪੰਜਾਬ ਭਰ ’ਚ ਆਪਣੇ ਬਹੁਪੱਖੀ ਹੁਨਰ ਵਿਕਾਸ ਕੇਂਦਰ ਦੇ ਨੈੱਟਵਰਕ ਰਾਹੀਂ ਉਦਯੋਗ ਨਾਲ ਜੁੜੀ ਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇ ਕੇ ਹਰ ਸਾਲ 5,000 ਤੋਂ ਵੱਧ ਨੌਜਵਾਨਾਂ ਨੂੰ ਸਕਿੱਲ ਫਾਰ ਜੌਬਸ ਮੁਹਿੰਮ ਤਹਿਤ ਰੁਜ਼ਗਾਰ ਲਈ ਤਿਆਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਨ ਫਾਊਂਡੇਸ਼ਨ ਦੇ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ ਹਜ਼ਾਰਾਂ ਨੌਜਵਾਨਾਂ ਨੂੰ ਕਈ ਨਾਮਵਰ ਕੰਪਨੀਆਂ ਵਿੱਚ ਰੁਜ਼ਗਾਰ ਮਿਲਿਆ ਹੈ। ਡਾ. ਸਾਹਨੀ ਨੇ ਕਿਹਾ ਕਿ ਸਨ ਫਾਊਂਡੇਸ਼ਨ ਬਾਜ਼ਾਰ ਦੀ ਮੰਗ ਅਨੁਸਾਰ ਕੋਰਸ ਤਿਆਰ ਕਰ ਕੇ ਉਦਯੋਗਾਂ ਦੀਆਂ ਲੋੜਾਂ ਤੇ ਨੌਜਵਾਨਾਂ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਸਫਲਤਾਪੂਰਵਕ ਪੂਰਾ ਕਰ ਰਹੀ ਹੈ ਅਤੇ ਨੌਜਵਾਨਾਂ ਲਈ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਯਕੀਨੀ ਬਣਾ ਰਹੀ ਹੈ। ਸਮਾਰੋਹ ਦੌਰਾਨ ਪਤਵੰਤੇ ਮਹਿਮਾਨਾਂ ਨੇ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਦਾ ਦੌਰਾ ਕੀਤਾ। ਉਨ੍ਹਾਂ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ, ਐਡਵਾਂਸਡ ਮੈਨੂਫੈਕਚਰਿੰਗ, ਹੋਸਪਿਟੈਲਿਟੀ, ਹੈਲਥ ਕੇਅਰ ਤੇ ਹੋਰ ਉਭਰਦੇ ਖੇਤਰਾਂ ਨਾਲ ਸਬੰਧਤ ਹੁਨਰਾਂ ਦੀਆਂ ਪ੍ਰਦਰਸ਼ਨੀਆਂ ਤੇ ਲਾਈਵ ਡੈਮੋਨਸਟ੍ਰੇਸ਼ਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪਦਮਸ੍ਰੀ ਉਂਕਾਰ ਸਿੰਘ ਪਾਹਵਾ, ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਪ੍ਰਿਤਪਾਲ ਸਿੰਘ ਬਲੀਏਵਾਲ ਆਦਿ ਹਾਜ਼ਰ ਸਨ।