ਥਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਥਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦਾ ਸਮਾਨ ਚੋਰੀ, ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ
Publish Date: Sat, 04 Jul 2026 10:21 PM (IST)
Updated Date: Sun, 05 Jul 2026 04:09 AM (IST)
ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਜੱਸੀਆਂ ਰੋਡ ਤੇ ਚੋਰਾਂ ਨੇ ਇੱਕ ਘਰ ਦੇ ਬਾਹਰ ਖੜ੍ਹੀ ਥਾਰ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮਾਂ ਨੇ ਗੱਡੀ ਦਾ ਪਿਛਲਾ ਸ਼ੀਸ਼ਾ ਅਜਿਹੇ ਢੰਗ ਨਾਲ ਤੋੜਿਆ ਕਿ ਕਿਸੇ ਨੂੰ ਕੋਈ ਆਵਾਜ਼ ਤੱਕ ਨਹੀਂ ਸੁਣਾਈ ਦਿੱਤੀ। ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਤ ਕਾਰੋਬਾਰੀ ਮਨਵੀਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਥਾਰ ਘਰ ਦੇ ਬਾਹਰ ਖੜ੍ਹੀ ਕਰਕੇ ਅੰਦਰ ਚਲਾ ਗਿਆ ਸੀ। ਜਲਦਬਾਜ਼ੀ ਵਿੱਚ ਉਸ ਦਾ ਲੈਪਟਾਪ ਅਤੇ ਹੋਰ ਕੀਮਤੀ ਸਮਾਨ ਵਾਲਾ ਬੈਗ ਗੱਡੀ ਵਿੱਚ ਹੀ ਰਹਿ ਗਿਆ। ਰਾਤ ਕਰੀਬ ਸਾਢੇ ਤਿੰਨ ਵਜੇ ਦੋ ਨੌਜਵਾਨ ਟਾਰਚਾਂ ਲੈ ਕੇ ਗਲੀ ਵਿੱਚ ਆਏ। ਉਨ੍ਹਾਂ ਨੇ ਪਹਿਲਾਂ ਆਲੇ-ਦੁਆਲੇ ਖੜ੍ਹੀਆਂ ਗੱਡੀਆਂ ਨੂੰ ਦੇਖਿਆ ਅਤੇ ਫਿਰ ਥਾਰ ਨੂੰ ਨਿਸ਼ਾਨਾ ਬਣਾਇਆ। ਦੋਸ਼ ਹੈ ਕਿ ਚੋਰਾਂ ਨੇ ਕਿਸੇ ਕੈਮੀਕਲ ਦੀ ਮਦਦ ਨਾਲ ਗੱਡੀ ਦਾ ਪਿਛਲਾ ਸ਼ੀਸ਼ਾ ਤੋੜਿਆ। ਜਿਵੇਂ ਹੀ ਉਨ੍ਹਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਸੁਰੱਖਿਆ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਅਲਾਰਮ ਵੱਜਣ ਦੇ ਬਾਵਜੂਦ ਮੁਲਜ਼ਮ ਲੈਪਟਾਪ, ਮੈਟਾ ਸਮਾਰਟ ਗਲਾਸਜ਼, ਗਿੰਬਲ, ਟ੍ਰਾਈਪੌਡ, ਮਾਈਕ੍ਰੋਫੋਨ ਅਤੇ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ। ਚੋਰੀ ਹੋਏ ਸਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਅਲਾਰਮ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਮਨਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਕੰਟਰੋਲ ਰੂਮ ਤੇ ਕਈ ਵਾਰ ਫ਼ੋਨ ਕੀਤਾ ਪਰ ਕਾਫ਼ੀ ਦੇਰ ਤੱਕ ਕੋਈ ਜਵਾਬ ਨਹੀਂ ਮਿਲਿਆ। ਬਾਅਦ ਵਿੱਚ ਪੁਲਿਸ ਮੌਕੇ ਤੇ ਪਹੁੰਚੀ, ਪਰ ਉਨ੍ਹਾਂ ਨੂੰ ਮਦਦ ਦੇਣ ਦੀ ਬਜਾਏ ਇਹ ਪੁੱਛਿਆ ਗਿਆ ਕਿ ਕੀਮਤੀ ਸਮਾਨ ਗੱਡੀ ਵਿੱਚ ਕਿਉਂ ਛੱਡਿਆ ਗਿਆ ਸੀ। ਇਸ ਰਵੱਈਏ ਤੋਂ ਨਿਰਾਸ਼ ਹੋ ਕੇ ਉਸ ਨੇ ਥਾਣੇ ਵਿੱਚ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ। ਮਨਵੀਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੀ ਫੈਕਟਰੀ ਵਿੱਚ ਚੋਰੀ ਹੋ ਚੁੱਕੀ ਹੈ, ਜਿੱਥੋਂ ਦੋ ਲੈਪਟਾਪ ਚੋਰੀ ਹੋਏ ਸਨ। ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।