ਭਰਾ ਨੂੰ ਬਚਾਉਣ ਗਏ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
ਪੁਰਾਣੀ ਰੰਜਿਸ਼ ਨੇ ਲਿਆ ਖੂਨੀ ਰੂਪ
Publish Date: Thu, 04 Jun 2026 08:39 PM (IST)
Updated Date: Fri, 05 Jun 2026 03:39 PM (IST)

ਪੁਰਾਣੀ ਰੰਜਿਸ਼ ਨੇ ਲਿਆ ਖੂਨੀ ਰੂਪ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸ਼ਹਿਰ ਦੇ ਗਰਗ ਕਾਲੋਨੀ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਵੱਲੋਂ ਦੋ ਭਰਾਵਾਂ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਇੱਕ ਨੌਜਵਾਨ ਦੇ ਸਿਰ ਅਤੇ ਮੂੰਹ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ, ਜਦਕਿ ਉਸ ਦੇ ਭਰਾ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਮਲੇ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨਦੀਪ ਸਿੰਘ ਪੁੱਤਰ ਯੁਵਰਾਜ ਸਿੰਘ ਵਾਸੀ ਗਲੀ ਨੰਬਰ 3, ਗਰਗ ਕਾਲੋਨੀ, ਰੇੜੂ ਸਾਹਿਬ ਰੋਡ ਨੇ ਦੱਸਿਆ ਕਿ 31 ਮਈ ਨੂੰ ਰੋਹਿਤ ਲੋਟ, ਰੋਹਿਤ ਮੋਟਾ, ਲਵਿਸ਼ ਅਤੇ ਜੀਤਾ ਆਪਣੇ 2-3 ਹੋਰ ਸਾਥੀਆਂ ਸਮੇਤ ਉਸ ਦੇ ਭਰਾ ਨਾਲ ਗਲੀ ਵਿੱਚ ਬਹਿਸ ਕਰ ਰਹੇ ਸਨ। ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਸੀ। ਅਮਨਦੀਪ ਸਿੰਘ ਮੁਤਾਬਕ ਜਦੋਂ ਉਹ ਆਪਣੇ ਭਰਾ ਨੂੰ ਉਥੋਂ ਹਟਾ ਕੇ ਮਾਮਲਾ ਸ਼ਾਂਤ ਕਰਵਾਉਣ ਲਈ ਪਹੁੰਚਿਆ ਤਾਂ ਸਾਰੇ ਮੁਲਜ਼ਮਾਂ ਨੇ ਇਕੱਠੇ ਹੋ ਕੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ਅਤੇ ਮੂੰਹ ’ਤੇ ਹਮਲਾ ਕਰ ਦਿੱਤਾ, ਜਦਕਿ ਉਸ ਦੇ ਭਰਾ ਦੀ ਵੀ ਕੁੱਟਮਾਰ ਕੀਤੀ ਗਈ। ਹਮਲੇ ਦੌਰਾਨ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸ਼ਿਕਾਇਤ ਦੇ ਆਧਾਰ ’ਤੇ ਰੋਹਿਤ ਲੋਟ, ਰੋਹਿਤ ਮੋਟਾ, ਲਵਿਸ਼, ਜੀਤਾ ਅਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।