ਆਦਿਵਾਸੀਆਂ ਤੇ ਬੁੱਧੀਜੀਵੀਆਂ ਦੇ ਹੱਕ ’ਚ ਕਨਵੈਨਸ਼ਨ ਭਲਕੇ
ਆਦਿਵਾਸੀਆਂ ਅਤੇ ਬੁੱਧੀਜੀਵੀਆਂ ਦੇ ਹੱਕ ਵਿੱਚ ਕਨਵੈਨਸ਼ਨ ਭਲਕੇ
Publish Date: Thu, 02 Apr 2026 06:18 PM (IST)
Updated Date: Thu, 02 Apr 2026 06:22 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ ਲੁਧਿਆਣਾ ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਪ੍ਰੋ. ਏਕੇ. ਮਲੇਰੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਫਰੰਟ ਵੱਲੋਂ 4 ਅਪ੍ਰੈਲ ਨੂੰ ਬਾਅਦ ਦੁਪਹਿਰ 2.00 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਇਤਿਹਾਸਕ ਦਿਹਾੜੇ ਅੱਠ ਅਪ੍ਰੈਲ ਨੂੰ ਸਮਰਪਿਤ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਦਿਨ ਸ਼ਹੀਦ ਭਗਤ ਸਿੰਘ ਅਤੇ ਬੀਕੇ ਦੱਤ ਵੱਲੋਂ ਅੰਗਰੇਜ਼ ਹਕੂਮਤ ਦੀ ਅਸੰਬਲੀ ਵਿਚ ਨੁਕਸਾਨਰਹਿਤ ਬੰਬ ਧਮਾਕੇ ਕਰ ਕੇ ਅੰਗਰੇਜ਼ ਰਾਜ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਵਿਚ ਮੁੱਖ ਬੁਲਾਰੀ ਲੋਕਪੱਖੀ ਪੱਤਰਕਾਰ/ਲੇਖਿਕਾ ਅਤੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਬੁਲੰਦ ਆਵਾਜ਼ ਸੀਮਾ ਆਜ਼ਾਦ ਹੋਣਗੇ। ਕਨਵੈਨਸ਼ਨ ਦੌਰਾਨ ਜਿੱਥੇ ਆਦਿਵਾਸੀ ਲੋਕਾਂ ਨੂੰ ਦਬਾਉਣ ਲਈ ਚਲਾਏ ਜਾ ਰਹੇ ਆਪਰੇਸ਼ਨ ਕਗਾਰ ਅਤੇ ਹੋਰ ਨੀਮ-ਫ਼ੌਜੀ ਹਮਲੇ ਬੰਦ ਕਰਨ, ਪੁਲਿਸ ਕੈਂਪ ਖ਼ਤਮ ਕਰਨ ਅਤੇ ਸਾਰੀਆਂ ਹੀ ਨੀਮ-ਫ਼ੌਜੀ ਤਾਕਤਾਂ ਵਾਪਸ ਬੁਲਾਏ ਜਾਣ ਦੀ ਮੰਗ ਕਰੇਗੀ, ਉੱਥੇ ਨਾਲ ਹੀ ‘ਸ਼ਹਿਰੀ ਨਕਸਲੀ’ ਅਤੇ ਹੋਰ ਝੂਠੇ ਬਿਰਤਾਂਤਾਂ ਦੇ ਆਧਾਰ ’ਤੇ ਜੇਲ੍ਹਾਂ ਵਿਚ ਡੱਕੇ ਸਮੂਹ ਲੋਕ-ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਤੇ ਪੂਰੇ ਦੇਸ਼ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਪੁਰਜ਼ੋਰ ਆਵਾਜ਼ ਉਠਾਏਗੀ।