ਖਸਰਾ ਨੰਬਰ ਬਦਲ ਕੇ ਕੀਤੀ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਖਸਰਾ ਨੰਬਰ ਬਦਲ ਕੇ ਕੀਤੀ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼
Publish Date: Sun, 29 Mar 2026 08:01 PM (IST)
Updated Date: Mon, 30 Mar 2026 04:12 AM (IST)

ਜਾਂਚ ਤੋਂ ਬਾਅਦ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਥਾਣਾ ਪੀਏਯੂ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਿਸ ਖਿਲਾਫ਼ ਦੋਸ਼ ਹਨ ਕਿ ਉਸ ਨੇ ਖਸਰਾ ਨੰਬਰ ਬਦਲ ਕੇ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਦੇ ਮੁਤਾਬਕ ਨਾਮਜਦ ਕੀਤੇ ਗਏ ਮੁਲਜ਼ਮ ਦੀ ਪਛਾਣ ਮਸੀਬ ਇਨਕਲੇਵ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਅਜੇ ਚੋਪੜਾ ਵਜੋਂ ਹੋਈ ਹੈ। ਪੁਲਿਸ ਨੇ ਇਹ ਮੁਕੱਦਮਾ 275 ਡਾਕਟਰ ਸ਼ਾਮ ਸਿੰਘ ਰੋਡ ਸਿਵਲ ਲਾਈਨ ਦੇ ਰਹਿਣ ਵਾਲੇ ਐਪਿਲ ਜੈਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। 14 ਫਰਵਰੀ 2026 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਐਪਿਲ ਜੈਨ ਨੇ ਦੱਸਿਆ ਕਿ ਵਸੀਕਾ ਨੰਬਰ 284 ਮਿਤੀ 12 ਅਪ੍ਰੈਲ 2006 ਨਾਲ ਪਲਾਟ ਨੰਬਰ 67 ਰਕਬਾ 300 ਵਰਗ ਗਜ ਉੱਤਰਵਾਦੀ ਧਿਰ ਅਜੇ ਚੋਪੜਾ ਵੱਲੋਂ ਇਸ ਰਕਬੇ ਦਾ ਖਸਰਾ ਨੰਬਰ ਬਦਲ ਕੇ ਆਪਣੀ ਮਾਲਕੀ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ, ਅਜਿਹਾ ਕਰ ਕੇ ਮੁਲਜ਼ਮ ਨੇ ਪਲਾਟ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਪੁਲਿਸ ਨੇ ਜਦ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਕਈ ਤੱਥ ਸਾਹਮਣੇ ਆਏ। ਤਫਤੀਸ਼ ਉਪਰੰਤ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਪੀਏਯੂ ਦੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮਾਮਲੇ ਵਿੱਚ ਪੁਲਿਸ ਨੇ ਐਪਿਲ ਜੈਨ ਦੀ ਸ਼ਿਕਾਇਤ ਤੇ ਅਜੇ ਚੋਪੜਾ ਖਿਲਾਫ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਤੱਕ ਪੁਲਿਸ ਗ੍ਰਿਫਤ ਚੋਂ ਬਾਹਰ ਹੈ।