ਚੋਰੀ ਦੀਆਂ ਵਾਰਦਾਤਾਂ ਵਿਰੁੱਧ ਪੁਲਿਸ ਅਧਿਕਾਰੀਆਂ ਨੂੰ ਮਿਲੇ ਕਿਸਾਨ
ਚੋਰੀ ਦੀਆਂ ਵਾਰਦਾਤਾਂ ਵਿਰੁੱਧ ਕਿਸਾਨਾਂ ਦਾ ਵਫ਼ਦ ਮਿਲਿਆ ਪੁਲਿਸ ਅਧਿਕਾਰੀਆਂ ਨੂੰ
Publish Date: Wed, 25 Mar 2026 07:52 PM (IST)
Updated Date: Thu, 26 Mar 2026 04:08 AM (IST)

ਫੋਟੋ ਨੰਬਰ-20 ਬਿੰਨੀ ਡੇਹਲੋਂ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਕਿਸਾਨਾਂ ਦਾ ਇਕ ਵਫ਼ਦ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ, ਉਹ ਥਾਣਾ ਡੇਹਲੋ ਦੇ ਡਿਊਟੀ ਅਫਸਰ ਗਮਦੂਰ ਸਿੰਘ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਕਿਲ੍ਹਾ ਰਾਏਪੁਰ ’ਚ ਪਿਛਲੇ ਦਿਨੀ ਖੇਤਾਂ ਦੀਆਂ ਦੋ ਦਰਜਨ ਮੋਟਰਾਂ ਦੇ ਟ੍ਰਾਸਫਾਰਮ, ਤਾਰਾਂ, ਸਟਾਰਟ ਤੇ ਹੋਰ ਖੇਤੀ ਬਾੜੀ ਨਾਲ ਸਬੰਧਿਤ ਸੰਦ ਚੋਰੀ ਹੋ ਗਏ ਹਨ, ਜਿਸ ’ਚ ਪਰਮਿੰਦਰ ਸਿੰਘ ਤੇ ਅਵਤਾਰ ਸਿੰਘ ਦੀਆਂ ਮੋਟਰਾਂ ਸਮੇਤ ਕਈ ਹੋਰ ਬੰਦਿਆਂ ਦੀ ਮੋਟਰਾ ਉੱਪਰ ਸਾਮਾਨ ਚੋਰੀ ਕੀਤਾ ਗਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਇਲਾਕੇ ’ਚ ਨਸ਼ੇ ਕਰਨ, ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਮਾੜੇ ਅਨਸਰਾਂ ਨੂੰ ਰੋਕਣ ਲਈ ਪੁਲਿਸ ਵਿਸ਼ੇਸ਼ ਮੁਹਿੰਮ ਚਲਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਖੇਤੀ ਦੇ ਧੰਦੇ ’ਚ ਘਾਟਾ ਖਾ ਰਹੇ ਕਿਸਾਨਾਂ ਉੱਪਰ ਉਨ੍ਹਾਂ ਦਾ ਸਾਮਾਨ ਚੋਰੀ ਹੋਣ ਨਾਲ ਹੋਰ ਬੋਝ ਪਵੇਗਾ। ਇਸ ਮੌਕੇ ਡਿਊਟੀ ਅਫਸਰ ਗਮਦੂਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਣ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।