ਫ਼ਸਲਾਂ ਲਈ ਨੁਕਸਾਨਦੇਹ ਹੋ ਸਕਦੈ ਤਾਪਮਾਨ ’ਚ ਤੇਜ਼ੀ ਨਾਲ ਹੋ ਰਿਹਾ ਵਾਧਾ
ਕਣਕ ਦੀ ਫਸਲ ਲਈ ਨੁਕਸਾਨਦੇਹ ਹੋ ਸਕਦਾ ਹੈ ਤਾਪਮਾਨ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ
Publish Date: Wed, 25 Feb 2026 06:11 PM (IST)
Updated Date: Wed, 25 Feb 2026 06:13 PM (IST)

ਲੱਕੀ ਘੁਮੈਤ , ਪੰਜਾਬੀ ਜਾਗਰਣ ਸਾਹਨੇਵਾਲ ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਫਰਵਰੀ ਮਹੀਨੇ ਚ ਹੀ ਗਰਮੀ ਦਾ ਅਹਿਸਾਸ ਹੋਣ ਕਾਰਨ ਕਿਸਾਨਾਂ ਚ ਚਿੰਤਾ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦਿਨ ਦਾ ਤਾਪਮਾਨ 23 ਤੋਂ 29 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਚ ਹੋਰ ਵਾਧੇ ਦੀ ਸੰਭਾਵਨਾ ਹੈ। ਜੇਕਰ ਮਾਰਚ ਮਹੀਨੇ ਚ ਤਾਪਮਾਨ ਤੇਜ਼ੀ ਨਾਲ ਵਧਦਾ ਹੈ ਤਾਂ ਇਸ ਦਾ ਸਿੱਧਾ ਅਸਰ ਕਣਕ, ਸਰ੍ਹੋਂ ਅਤੇ ਜੌਂ ਦੀਆਂ ਫਸਲਾਂ ਤੇ ਪੈ ਸਕਦਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਧਾਲੀਵਾਲ ਐਗਰੋ ਸੈਂਟਰ ਸਾਹਨੇਵਾਲ ਦੇ ਮਾਲਕ ਅਜਮੇਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਕਣਕ ਠੰਢੇ ਮੌਸਮ ਦੀ ਫ਼ਸਲ ਹੈ ਅਤੇ ਇਸ ਦੀ ਵਧੀਆ ਪੈਦਾਵਾਰ ਲਈ ਦਰਮਿਆਨਾ ਤਾਪਮਾਨ ਲੋੜੀਂਦਾ ਹੁੰਦਾ ਹੈ। ਜਦੋਂ ਫ਼ਸਲ ਚ ਦਾਣਾ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਅਤੇ ਉਸ ਸਮੇਂ ਤਾਪਮਾਨ ਅਚਾਨਕ ਵੱਧ ਜਾਂਦਾ ਹੈ ਤਾਂ ਦਾਣਾ ਪੂਰੀ ਤਰ੍ਹਾਂ ਨਹੀਂ ਭਰਦਾ। ਇਸ ਕਾਰਨ ਦਾਣਾ ਪਤਲਾ ਅਤੇ ਹਲਕਾ ਰਹਿ ਜਾਂਦਾ ਹੈ, ਜਿਸ ਨਾਲ ਝਾੜ ਚ ਵੱਡੀ ਕਮੀ ਆ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗੇਤੀ ਬੀਜੀ ਗਈ ਕਣਕ ਇਸ ਵੇਲੇ ਕਾਫ਼ੀ ਅੱਗੇ ਦੀ ਅਵਸਥਾ ਚ ਹੈ ਪਰ ਜੇਕਰ ਗਰਮੀ ਤੇਜ਼ ਹੋ ਗਈ ਤਾਂ ਦਾਣਾ ਜਲਦੀ ਪੱਕ ਕੇ ਛੋਟਾ ਰਹਿ ਸਕਦਾ ਹੈ। ਦੂਜੇ ਪਾਸੇ, ਪਛੇਤੀ ਬੀਜੀ ਗਈ ਕਣਕ ਜ਼ਿਆਦਾ ਖ਼ਤਰੇ ਚ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਇਹ ਦਾਣਾ ਬਣਾਉਣ ਦੇ ਪੜਾਅ ਤੇ ਪਹੁੰਚੇਗੀ, ਉਸ ਸਮੇਂ ਤਾਪਮਾਨ ਕਾਫ਼ੀ ਉੱਚਾ ਹੋ ਚੁੱਕਾ ਹੋਵੇਗਾ। ਵਧਦਾ ਤਾਪਮਾਨ ਸਿਰਫ਼ ਕਣਕ ਹੀ ਨਹੀਂ, ਸਗੋਂ ਸਬਜ਼ੀਆਂ ਅਤੇ ਚਾਰੇ ਵਾਲੀਆਂ ਫਸਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਮਿੱਟੀ ਚ ਨਮੀ ਘਟਣ ਨਾਲ ਪੌਦਿਆਂ ਤੇ ਦਬਾਅ ਪੈਂਦਾ ਹੈ। ਇਸ ਲਈ ਮਾਹਿਰ ਕਿਸਾਨਾਂ ਨੂੰ ਸਲਾਹ ਦੇ ਰਹੇ ਹਨ ਕਿ ਫ਼ਸਲ ਦੀ ਲੋੜ ਅਨੁਸਾਰ ਹਲਕੀ ਸਿੰਚਾਈ ਜ਼ਰੂਰ ਕਰਨ ਤਾਂ ਜੋ ਪੌਦਿਆਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਣਕ ਚ ਪੀਲੀ ਕੁੰਗੀ ਦੇ ਸੰਭਾਵੀ ਹਮਲੇ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੀਲੀ ਕੁੰਗੀ ਇਕ ਫੰਗਸ ਰੋਗ ਹੈ ਜੋ ਨਮੀਂ ਵਾਲੇ ਮੌਸਮ ਚ ਤੇਜ਼ੀ ਨਾਲ ਫੈਲਦਾ ਹੈ। ਇਸ ਰੋਗ ਚ ਪੱਤਿਆਂ ਉੱਤੇ ਪੀਲੇ ਰੰਗ ਦੀਆਂ ਧਾਰੀਆਂ ਜਾਂ ਦਾਗ ਨਜ਼ਰ ਆਉਂਦੇ ਹਨ।ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਪੂਰੀ ਫ਼ਸਲ ਨੂੰ ਤਬਾਹ ਕਰ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਦੀ ਨਿਯਮਿਤ ਜਾਂਚ ਕਰਨ ਅਤੇ ਪੀਲੇ ਧੱਬੇ ਦਿਖਾਈ ਦੇਣ ਤੇ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨ। ਖੇਤਾਂ ਚ ਬੇਵਜ੍ਹਾ ਨਾਈਟ੍ਰੋਜਨ ਦੀ ਵੱਧ ਵਰਤੋਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਵਾਧੇ ਤਾਪਮਾਨ ਵਾਰੇ ਦੱਸਦਿਆਂ ਮੈਡੀਕਲ ਅਫਸਰ ਡਾਕਟਰ ਗੁਰਦੀਪ ਸਿੰਘ ਉਮੈਦਪੁਰ ਨੇ ਦੱਸਿਆ ਕਿ ਤਾਪਮਾਨ ਚ ਵਾਧੇ ਦਾ ਅਸਰ ਆਮ ਲੋਕਾਂ ਦੀ ਸਿਹਤ ਤੇ ਵੀ ਪੈ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿਨ ਦੌਰਾਨ ਵਧਦੀ ਗਰਮੀ ਕਾਰਨ ਡੀਹਾਈਡਰੇਸ਼ਨ, ਸਿਰਦਰਦ, ਥਕਾਵਟ ਅਤੇ ਬਲੱਡ ਪ੍ਰੈਸ਼ਰ ਵਧਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ ਅਤੇ ਬਜ਼ੁਰਗਾਂ, ਬੱਚਿਆਂ ਅਤੇ ਦਿਲ ਦੇ ਮਰੀਜ਼ਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।