
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਗਮਸਾ ਦੀ ਨਵੀਂ ਟੀਮ ਦੀ ਸਰਬਸੰਮਤੀ ਨਾਲ ਚੋਣ, ਗੁਰਪ੍ਰੀਤ ਸਿੰਘ ਪ੍ਰਧਾਨ ਬਣੇ

-ਰਾਮ ਕ੍ਰਿਸ਼ਨ ਨੂੰ ਚੇਅਰਮੈਨ ਤੇ ਤੇਜਾ ਸਿੰਘ ਨੂੰ ਵਾਈਸ ਚੇਅਰਮੈਨ ਥਾਪਿਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ (ਗਮਸਾ) ਦੀ ਸਾਲ 2026-28 ਲਈ ਜਨਰਲ ਹਾਊਸ ਮੀਟਿੰਗ ਕਮ ਜਨਰਲ ਚੋਣਾਂ-2026 ਸੋਮਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਹੋਈ। ਐਸੋਸੀਏਸ਼ਨ ਦੀ ਨਵੀਂ ਟੀਮ ਦੀ ਚੋਣ ਸਰਬਸੰਮਤੀ ਨਾਲ ਕੀਤੀ। ਚੋਣ ਪ੍ਰਕਿਰਿਆ ਪ੍ਰੀਜ਼ਾਈਡਿੰਗ ਅਫਸਰ ਨਿਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਦੀ ਨਿਗਰਾਨੀ ਹੇਠ ਹੋਈ। ਨਿਟਵੀਅਰ ਕਲੱਬ ਦੇ ਜਨਰਲ ਸਕੱਤਰ ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਨੇ ਆਬਜ਼ਰਵਰ ਵਜੋਂ ਭੂਮਿਕਾ ਨਿਭਾਈ। ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਨਵੀਂ ਟੀਮ ਦਾ ਸਰਬਸੰਮਤੀ ਨਾਲ ਐਲਾਨ ਕੀਤਾ।
ਨਵੀਂ ਟੀਮ ਵਿੱਚ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਗੁਰਦੇਵ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸੁਦੇੜਾ ਨੂੰ ਮੀਤ ਪ੍ਰਧਾਨ, ਨਰਿੰਦਰ ਕੁਮਾਰ ਨੂੰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਨੂੰ ਖਜ਼ਾਨਚੀ, ਪਰਮੇਸ਼ ਵਸਿਸ਼ਟ ਨੂੰ ਸੰਯੁਕਤ ਸਕੱਤਰ ਅਤੇ ਰਾਜੇਸ਼ ਸ਼ਰਮਾ ਨੂੰ ਸਕੱਤਰ (ਪੀਆਰ) ਚੁਣਿਆ ਗਿਆ। ਇਸ ਤੋਂ ਇਲਾਵਾ ਰਾਮ ਕ੍ਰਿਸ਼ਨ ਨੂੰ ਚੇਅਰਮੈਨ ਅਤੇ ਤੇਜਾ ਸਿੰਘ ਨੂੰ ਵਾਈਸ ਚੇਅਰਮੈਨ ਨਾਮਜ਼ਦ ਕੀਤਾ ਗਿਆ।
ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਨਵੀਂ ਟੀਮ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਤੇ ਸਮੁੱਚੀ ਇੰਡਸਟਰੀ ਦੀ ਬਿਹਤਰੀ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇਗਾ। ਚੇਅਰਮੈਨ ਰਾਮ ਕ੍ਰਿਸ਼ਨ ਨੇ ਕਿਹਾ ਕਿ ਨਵੀਂ ਟੀਮ ਦੀ ਚੋਣ ਬਿਨਾਂ ਮੁਕਾਬਲੇ ਅਤੇ ਸਰਬਸੰਮਤੀ ਨਾਲ ਹੋਣਾ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਮੈਂਬਰਾਂ ਦੀ ਸਕਾਰਾਤਮਕ ਸੋਚ ਤੇ ਦੂਰਅੰਦੇਸ਼ੀ ਨੂੰ ਜਾਂਦਾ ਹੈ। ਗੁਰਪ੍ਰੀਤ ਸਿੰਘ ਨੇ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਵਾਲੀ ਟੀਮ ਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਜਨਰਲ ਸਕੱਤਰ ਨਰਿੰਦਰ ਕੁਮਾਰ ਨੇ ਪਿਛਲੇ ਕਾਰਜਕਾਲ ਦੌਰਾਨ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਰਾਮ ਕ੍ਰਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਸ਼ੁਰੂ ਤੋਂ ਲੈ ਕੇ ਨਤੀਜਿਆਂ ਦੇ ਐਲਾਨ ਤੱਕ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਗਮਸਾ ਦੇ ਮੈਂਬਰਾਂ ਦੀ ਵੱਡੀ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ ਅਤੇ ਨਵੇਂ ਅਹੁਦੇਦਾਰਾਂ ਦਾ ਹੌਸਲਾ ਵਧਾਉਣ ਲਈ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰਾਂ ਤੇ ਨਵੀਂ ਟੀਮ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਉਦਯੋਗ ਦੇ ਹਿੱਤ ਵਿੱਚ ਬਿਹਤਰ ਕਾਰਗੁਜ਼ਾਰੀ ਤੇ ਉਦਯੋਗ-ਪੱਖੀ ਫੈਸਲਿਆਂ ਦੀ ਆਸ ਪ੍ਰਗਟਾਈ। ਗਮਸਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਤੇ ‘ਦਿ ਨਿਟਿੰਗ ਗੁਰੂ’ ਵਜੋਂ ਜਾਣੇ ਜਾਂਦੇ ਸੁਨੀਲ ਪੁਰੀ ਨੇ ਵੀ ਨਵੀਂ ਟੀਮ ਨੂੰ ਵਧਾਈ ਦਿੱਤੀ। ਮੀਟਿੰਗ ਸੁਹਿਰਦ ਮਾਹੌਲ ਵਿੱਚ ਹੋਈ ਅਤੇ ਇਸ ਉਪਰੰਤ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ।