- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਦਰ ਵਾਕਿਫ਼ ਹੋ ਗਈ ਹੈ ਮੇਰੀ ਕਲਮ, ਇਸ਼ਕ ਲਿਖਣਾ ਚਾਹੁੰਦਾ ਹਾਂ ਤਾਂ ਇਨਕਲਾਬ ਲਿਖਿਆ ਜਾਂਦਾ’-ਭਗਵੰਤ ਮਾਨ

-‘ਇਸ ਕਦਰ ਵਾਕਿਫ਼ ਹੋ ਗਈ ਹੈ ਮੇਰੀ ਕਲਮ, ਇਸ਼ਕ ਲਿਖਣਾ ਚਾਹੁੰਦਾ ਹਾਂ ਤਾਂ ਇਨਕਲਾਬ ਲਿਖਿਆ ਜਾਂਦਾ’-ਭਗਵੰਤ ਮਾਨ
-ਪੰਜਾਬੀਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਨੂੰ ਬਣਾਇਆ ਇਤਿਹਾਸਕ
‘ਇਸ ਕਦਰ ਵਾਕਿਫ਼ ਹੋ ਗਈ ਹੈ ਮੇਰੀ ਕਲਮ, ਇਸ਼ਕ ਲਿਖਣਾ ਚਾਹੁੰਦਾ ਹਾਂ ਤਾਂ ਇਨਕਲਾਬ ਲਿਖਿਆ ਜਾਂਦਾ’ : ਭਗਵੰਤ ਮਾਨ
ਫ਼ੋਟੋ ਨੰਬਰ-47,48,49,50,51,52,53,54
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਫੁੱਟਬਾਲ ਮੈਦਾਨ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਜਾ ਰਿਹਾ ਹੈ। ‘ਜਸ਼ਨ-ਏ-ਇਨਕਲਾਬ’ ਦੌਰਾਨ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਸੰਗੀਤ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਹੋਰ ਆਗੂਆਂ ਨਾਲ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਉਣ ਪੁੱਜੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦਾ ਸ਼ੇਅਰ ਬੋਲਦਿਆਂ ਕਿਹਾ ਕਿ ‘ਇਸ ਕਦਰ ਵਾਕਿਫ਼ ਹੋ ਗਈ ਹੈ ਮੇਰੀ ਕਲਮ, ਇਸ਼ਕ ਲਿਖਣਾ ਚਾਹੁੰਦਾ ਹਾਂ ਤਾਂ ਇਨਕਲਾਬ ਲਿਖਿਆ ਜਾਂਦਾ’ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਨ੍ਹਾਂ ਦੇ ਖ਼ੂਨ ਦੀ ਹਰ ਬੂੰਦ ਵਿੱਚ ਵੱਸਦਾ ਹੈ ਅਤੇ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਲੋਕਾਂ ਨੂੰ ਪੰਜਾਬ ਨੂੰ ਹਰ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਹੈ ਅਤੇ ਏਅਰਪੋਰਟ ਰੋਡ ’ਤੇ ‘ਨਿਸ਼ਾਨ-ਏ-ਇਨਕਲਾਬ ਪਲਾਜ਼ਾ’ ’ਚ ਸ਼ਹੀਦ ਦਾ 30 ਫੁੱਟ ਉੱਚਾ ਕਾਂਸੀ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਮਾਨ ਨੇ ਕਿਹਾ ਕਿ ਖਟਕੜ ਕਲਾਂ ਦੇ ਵਿਆਪਕ ਵਿਕਾਸ ਲਈ ਲਗਪਗ 52 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈਰੀਟੇਜ ਕੰਪਲੈਕਸ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਸ਼ਹੀਦ ਦੀ ਜ਼ਿੰਦਗੀ, ਵਿਚਾਰਾਂ, ਕੁਰਬਾਨੀ ਅਤੇ ਆਜ਼ਾਦੀ ਸੰਗਰਾਮ ਨਾਲ ਜੁੜੇ ਇਤਿਹਾਸ ਨੂੰ ਆਧੁਨਿਕ ਢੰਗ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਕੰਪਲੈਕਸ ਵਿੱਚ ਜੱਦੀ ਘਰ ਅਤੇ ਉਸ ਦੀ ਪ੍ਰਤੀਕ੍ਰਿਤੀ, ਕੋਰਟ ਰੂਮ ਦਾ ਤਜਰਬਾ, ਹੈਰੀਟੇਜ ਸਟਰੀਟ, ਪਿੰਡ ਦਾ ਮੁੜ ਸਿਰਜਿਆ ਮਾਹੌਲ, ਪ੍ਰਵੇਸ਼ ਅਤੇ ਨਿਕਾਸ ਦਰਵਾਜ਼ੇ, ਮਸ਼ਾਲ ਗੇਟ, ਕੌਮੀ ਝੰਡੇ ਵਾਲਾ ਖੇਤਰ, ਲਾਇਬ੍ਰੇਰੀ ਤੇ ਵੱਖ-ਵੱਖ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ। ਮੂਰਲ, ਬੁੱਤ, ਮੈਨਿਕਿਨ, ਉਸ ਸਮੇਂ ਨਾਲ ਸਬੰਧਤ ਵਸਤਾਂ ਅਤੇ ਹੋਰ ਸਮੱਗਰੀ ਰਾਹੀਂ ਭਗਤ ਸਿੰਘ ਦੀ ਜ਼ਿੰਦਗੀ ਤੇ ਆਜ਼ਾਦੀ ਸੰਗਰਾਮ ਦੇ ਮਹੱਤਵਪੂਰਨ ਪੜਾਵਾਂ ਨੂੰ ਦਰਸਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੰਪਲੈਕਸ ਵਿੱਚ ਆਧੁਨਿਕ ਆਡੀਟੋਰੀਅਮ, ਆਡੀਓ-ਵਿਜ਼ੂਅਲ ਪੇਸ਼ਕਾਰੀਆਂ, ਪ੍ਰੋਜੈਕਸ਼ਨ ਅਤੇ ਵਿਆਖਿਆ ਪ੍ਰਣਾਲੀਆਂ, ਮਿਊਜ਼ਿਕਲ ਫਾਊਂਟੇਨ, ਲਾਈਟਿੰਗ ਅਤੇ ਸਾਊਂਡ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਟੂਰਿਸਟ ਫੈਸਿਲਿਟੇਸ਼ਨ ਸੈਂਟਰ, ਕਾਟੇਜ, ਗੈਸਟ ਹਾਊਸ, ਰੈਸਟੋਰੈਂਟ-ਕੈਫੇਟੇਰੀਆ, ਪਾਰਕਿੰਗ, ਰਸਤੇ ਅਤੇ ਲੈਂਡਸਕੇਪਿੰਗ ਦੀ ਵਿਵਸਥਾ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਅੰਤਿਮ ਪੜਾਅ ਵਿੱਚ ਹੈ ਅਤੇ ਸਿਵਲ ਤੇ ਅੰਦਰੂਨੀ ਕੰਮ, ਪ੍ਰਦਰਸ਼ਨੀਆਂ, ਆਡੀਓ-ਵਿਜ਼ੂਅਲ ਸਿਸਟਮ, ਲਾਈਟਿੰਗ, ਲੈਂਡਸਕੇਪਿੰਗ ਅਤੇ ਹੋਰ ਕੰਮ ਮੁਕੰਮਲ ਕੀਤੇ ਜਾ ਰਹੇ ਹਨ। ਕੰਪਲੈਕਸ ਨੂੰ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
-ਬਾਕਸ-
-ਗਾਇਕ ਬਾਵਾ ਤੇ ਬਿੱਲਾ ਨੇ ਬੰਨ੍ਹਿਆ ਰੰਗ
48) ਪੇਸ਼ਕਾਰੀ ਦੇਣ ਸਮੇਂ ਗਾਇਕ ਕੁਲਵਿੰਦਰ ਬਿੱਲਾ।
49) ਗਾਇਕ ਰਣਜੀਤ ਬਾਵਾ।
ਸਮਾਗਮ ਦੌਰਾਨ ਜਿੱਥੇ ਗਾਇਕਾ ਪਰੀ ਪੰਧੇਰ ਤੇ ਬਸੰਤ ਕੌਰ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉੱਥੇ ਹੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤ ‘ਮੇਰਾ ਦੇਸ਼ ਹੋਵੇ ਪੰਜਾਬ, ਟਾਇਮ ਟੇਬਲ, ਸੁੱਚਾ ਸੂਰਮਾ ਸਮੇਤ ਕਈ ਹਿੱਟ ਗੀਤਾਂ ਦੀ ਪੇਸ਼ਕਾਰੀ ਦੇ ਕੇ ਹਾਜ਼ਰੀਨ ਨੂੰ ਝੂੰਮਣ ਲਾ ਦਿੱਤਾ। ਸਮਾਗਮ ਦੇ ਅੰਤ ’ਚ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਗੀਤ ‘ਤੇਰੇ ਜੱਟ ਦੀ ਚੜ੍ਹਾਈ ਬੜੀ ਆ, ਮੇਰਾ ਕਿਹੜਾ ਬਾਪੂ ਕਰਦਾ ਬਲੈਕ ਨੀ ਜਿਹੜਾ ਤੇਰੇ ਸ਼ਹਿਰ ਲੈ ਦਿਆ ਫਲੈਟ ਨੀ, ਰੱਬ ਸੁੱਖ ਰੱਖੇ ੳਡਾ ਦਿਆਂਗੇ ਤੋਤੇ ਬੱਲੀਏ ਸਮੇਤ ਆਪਣੇ ਨਵੇਂ ਪੁਰਾਣੇ ਗੀਤ ਪੇਸ਼ ਕਰਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਢਾਡੀ ਜਥਿਆਂ ਨੇ ਵੀ ਇਨਕਲਾਬੀ ਜਜ਼ਬੇ ਨਾਲ ਭਰਪੂਰ ਪੇਸ਼ਕਾਰੀ ਕੀਤੀ।
-ਬਾਕਸ-
-ਟੁੱਟ ਪੈਣੀ ਇਗਲਿਸ਼ ਦੀ ਸਟਾਰਕਾਸਟ ਪੁੱਜੀ
50) ਸਮਾਗਮ ਦੌਰਾਨ ਅਦਾਕਾਰ ਸਤਵਿੰਦਰ ਸਿੰਘ, ਅਦਾਕਾਰਾ ਸਿੰਮੀ ਚਾਹਲ, ਅਦਾਕਾਰਾ ਮੈਂਡੀ ਤੱਖਰ ਤੇ ਹੋਰ।
ਜਸ਼ਨ ਏ ਇਨਕਲਾਬ ਸਮਾਗਮ ਵਿੱਚ ਟੁੱਟ ਪੈਣੀ ਇਗਲਿਸ਼ ਦੇ ਅਦਾਕਾਰ ਸਤਵਿੰਦਰ ਸਿੰਘ, ਅਦਾਕਾਰਾ ਸਿੰਮੀ ਚਾਹਲ ਅਤੇ ਅਦਾਕਾਰਾ ਮੈਂਡੀ ਤੱਖਰ ਪੁੱਜੀ। ਉਨ੍ਹਾਂ ਨੇ ਦਰਸ਼ਕਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦੀ ਫ਼ਿਲਮ ਟੁੱਟ ਪੈਣੀ ਇਗਲਿਸ਼ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਹਰ ਬੋਲੀ ਸਿੱਖਣੀ ਚਾਹੀਦੀ ਹੈ, ਪਰ ਆਪਣੀ ਮਾਂ ਬੋਲੀ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ।
-ਬਾਕਸ-
‘ਗਗਨ ਦਮਾਮਾ ਬਾਜਿਓ’ ਨਾਟਕ ਦਾ ਕੀਤਾ ਮੰਚਨ
51) ‘ਗਗਨ ਦਮਾਮਾ ਬਾਜਿਓ’ ਨਾਟਕ ਦਾ ਮੰਚਨ ਕਰਨ ਦੌਰਾਨ ਕਲਾਕਾਰ।
ਸਮਾਗਮ ਦੌਰਾਨ ‘ਗਗਨ ਦਮਾਮਾ ਬਾਜਿਓ’ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸੰਘਰਸ਼ ਤੇ ਕੁਰਬਾਨੀ ਨੂੰ ਰੰਗਮੰਚ ਰਾਹੀਂ ਦਰਸਾਇਆ ਗਿਆ। ਸੰਗੀਤ, ਨਾਟਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ, ਵਿਚਾਰਾਂ ਤੇ ਕੁਰਬਾਨੀਆਂ ਨਾਲ ਜੋੜਨ ਦਾ ਯਤਨ ਕੀਤਾ ਗਿਆ।
-ਬਾਕਸ-
-ਸਮਾਗਮ ਕਰਕੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ, ਲੋਕ ਹੋਏ ਖੱਜਲ-ਖੁਆਰ
52) ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਲੱਗਿਆ ਹੋਇਆ ਵਾਹਨਾਂ ਦਾ ਲੰਬਾ ਜਾਮ।
ਪੀਏਯੂ ਵਿਖੇ ਜਸ਼ਨ ਏ ਇਨਕਲਾਬ ਸਮਾਗਮ ਨੂੰ ਲੈ ਕੇ ਭਾਵੇਂ ਕਿ ਇੱਕ ਦਿਨ ਪਹਿਲਾਂ ਟ੍ਰੈਫ਼ਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਸੀ। ਵਾਹਨ ਚਾਲਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਆਪਣੀ ਮੰਜ਼ਿਲ ’ਤੇ ਜਾਣ ਦੀ ਸਲਾਹ ਦਿੱਤੀ ਸੀ। ਪਰ ਪੰਜਾਬ ਭਰ ਤੋਂ ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੇ ਭਾਰੀ ਗਿਣਤੀ ਵਿੱਚ ਪੁੱਜਣ ਕਰਕੇ ਲੁਧਿਆਣਾ ਦੀ ਫਿਰੋਜ਼ਪੁਰ ਰੋਡ ’ਤੇ ਵਾਹਨਾਂ ਦਾ ਜ਼ਾਮ ਲੱਗ ਗਿਆ। ਟ੍ਰੈਫ਼ਿਕ ਜਾਮ ਕਾਰਨ ਕਈ ਲੋਕ ਤਾਂ ਸਮਾਗਮ ਵਾਲੀ ਥਾਂ ’ਤੇ ਵੀ ਨਹੀਂ ਪੁੱਜ ਸਕੇ। ਲੋਕਾਂ ਦੀ ਭਾਰੀ ਭੀੜ ਆ ਜਾਣ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਧਰੇ ਧਰਾਏ ਰਹਿ ਗਏ। ਵਾਹਨ ਚਾਲਕ ਕਈ ਘੰਟੇ ਟ੍ਰੈਫ਼ਿਮ ਜ਼ਾਮ ਵਿੱਚ ਫ਼ਸੇ ਰਹੇ। ਸਮਾਗਮ ਦੀ ਸਮਾਪਤੀ ਮੌਕੇ ਦੇਰ ਰਾਤ ਲੁਧਿਆਣਾ ਦੀਆਂ ਸੜਕਾਂ ’ਤੇ ਟ੍ਰੈਫ਼ਿਕ ਜ਼ਾਮ ਰਿਹਾ।
ਸਮਾਗਮ ਦੌਰਾਨ ਲੋਕਾਂ ਨੂੰ ਕੇਸਰੀ ਪੱਗਾਂ ਬੰਨ੍ਹਕੇ ਆਉਣ ਜਾਂ ਕੇਸਰੀ ਕੱਪੜੇ ਪਾ ਕੇ ਆਉਣ ਦੀ ਅਪੀਲ ਕੀਤੀ ਗਈ ਸੀ। ਪਰ ਸਮਾਗਮ ਵਾਲੀ ਥਾਂ ’ਤੇ ਵੀ ਕੇਸਰੀ ਪੱਗ ਬੰਨ੍ਹਣ ਦੇ ਚਾਹਵਾਨਾਂ ਲਈ ਵਿਸ਼ੇਸ਼ ਸਟਾਲ ਲਗਾਇਆ ਗਿਆ ਸੀ। ਜਿਥੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਕੇਸਰੀ ਪੱਗਾਂ ਬੰਨ੍ਹੀਆਂ ਗਈਆਂ।