
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-80 ਸਾਲਾਂ ਬਜ਼ੁਰਗ ਸਾਬਕਾ ਫੌਜੀ ਦੇ ਘਰ ਦਾ ਪੰਚਾਇਤੀ ਰਸਤਾ ਗੁਆਂਢੀਆਂ ਕੀਤਾ ਬੰਦ

-ਵਿਦੇਸ਼ ਰਹਿੰਦੈ ਪੁੱਤ, ਇਕ ਮਹੀਨਾ ਬੀਤਣ ’ਤੇ ਵੀ ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਕੋਟ ਗੰਗੂ ਰਾਏ ਦੇ ਰਹਿਣ ਵਾਲੇ ਇੱਕ 80 ਸਾਲਾਂ ਬਜ਼ੁਰਗ ਸਾਬਕਾ ਫੌਜੀ ਦੇ ਘਰ ਦਾ ਪੰਚਾਇਤੀ ਰਸਤਾ ਗੁਆਂਢੀਆਂ ਨੇ ਧੱਕੇ ਨਾਲ ਬੰਦ ਕਰ ਦਿੱਤਾ। ਬਜ਼ੁਰਗ ਫੌਜੀ ਦਾ ਸਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪਰ ਇੱਕ ਮਹੀਨਾ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲੱਗ ਰਹੇ ਹਨ।
ਪੱਤਰਕਾਰਾਂ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੀਆਂ ਕਾਪੀਆਂ ਦਿੰਦੇ ਹਰਮਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਕੋਟ ਗੰਗੂ ਰਾਏ ਨੇ ਦੱਸਿਆ ਕਿ ਉਹ ਸਾਬਕਾ ਫੌਜੀ ਹੈ ਅਤੇ ਉਸ ਦਾ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦਾ ਵਿਦੇਸ਼ ਵਿੱਚ ਰਹਿੰਦਾ ਪੁੱਤਰ ਆਪਣਾ ਨਵਾਂ ਘਰ ਤਿਆਰ ਕਰਵਾ ਰਿਹਾ ਹੈ, ਜਿਸ ਦੀ ਦੇਖਭਾਲ ਉਹ ਕਰਦਾ ਹੈ ਜਦੋਂ ਕਿ ਉਸ ਦੀ ਉਮਰ 80 ਸਾਲ ਹੈ ਅਤੇ ਉਹ ਦਿਲ ਦੇ ਰੋਗਾਂ ਤੋਂ ਪੀੜਤ ਹੈ ਅਤੇ ਉਸਦੇ ਸਟੰਟ ਪਏ ਹੋਏ ਹਨ ਉਹਨਾਂ ਦੇ ਘਰ ਦੇ ਨਾਲ ਤੋਂ ਇੱਕ 11 ਫੁੱਟ ਚੌੜਾ ਪੰਚਾਇਤੀ ਰਾਸਤਾ ਨਿਕਲਦਾ ਹੈ, ਜਿਸ ’ਤੇ ਉਹਨਾਂ ਨੇ ਆਪਣੇ ਘਰ ਦਾ ਵੱਡਾ ਗੇਟ ਰੱਖਿਆ ਹੋਇਆ ਸੀ।
26 ਜੁਲਾਈ ਨੂੰ ਉਨਾਂ ਦੇ ਗੁਆਂਢ ’ਚ ਰਹਿੰਦੇ ਪਵਿੱਤਰ ਸਿੰਘ ਅਤੇ ਉਸਦੇ ਸਪੁੱਤਰ ਮਨਪ੍ਰੀਤ ਸਿੰਘ ਨੇ ਆਪਣੇ ਨਾਲ ਕੁੱਝ ਬੰਦੇ ਪਿੰਡ ਤੋਂ ਅਤੇ ਬਾਹਰੋਂ ਲਿਆ ਕੇ ਉਹਨਾਂ ਦੇ ਘਰ ਦਾ ਗੇਟ ਬੰਦ ਕਰ ਦਿੱਤਾ ਤੇ ਗੇਟ ’ਚ ਸੀਮਿੰਟ ਦੀਆਂ ਪਲੇਟਾਂ ਲਾ ਦਿੱਤੀਆਂ ਅਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਤੁਰੰਤ ਪੁਲਿਸ ਥਾਣਾ ਅਤੇ ਕੰਟਰੋਲ ਰੂਮ ਨੂੰ ਕੀਤੀ, ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਕਥਿਤ ਦੋਸ਼ੀਆਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਜਦਕਿ ਇਸ ਰਸਤੇ ਦੇ ਸਬੰਧ ’ਚ ਇਲਾਕਾ ਪਟਵਾਰੀ ਕਾਨੂੰਗੋ ਤੇ ਤਹਿਸੀਲਦਾਰ ਵੀ ਆਪਣੀ ਰਿਪੋਰਟ ਪੁਲਿਸ ਨੂੰ ਦੇ ਚੁੱਕੇ ਹਨ। ਪੀੜਤ ਸਾਬਕਾ ਫੌਜੀ ਹਰਮਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਥਾਨਕ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਪੰਚਾਇਤੀ ਰਸਤਾ ਉਸਦੇ ਗੁਆਂਢੀਆਂ ਨੇ ਬੰਦ ਕੀਤਾ ਹੈ ਜਾਂ ਉਸ ’ਤੇ ਕਬਜ਼ਾ ਕੀਤਾ ਹੈ ਉਸ ਨੂੰ ਛੁਡਵਾਇਆ ਜਾਵੇ। ਇਸ ਸਬੰਧੀ ਜਦੋਂ ਪੁਲਿਸ ਥਾਣਾ ਕੂੰਮਕਲਾਂ ਦੇ ਐੱਸਐੱਚਓ ਇੰਸਪੈਕਟਰ ਮਧੂਬਾਲਾ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਨੂੰ ਦੇਖਣਗੇ ਅਤੇ ਜਿਹੜਾ ਵੀ ਦੋਸ਼ੀ ਹੋਇਆ, ਉਸ ਦੇ ਉੱਪਰ ਬਣਦੀ ਕਾਰਵਾਈ ਕਰਨਗੇ।