ਗੁਆਂਢੀ ਨੇ ਧਮਕਾ ਕੇ ਨਾਬਾਲਿਗਾ ਨਾਲ ਕੀਤਾ ਜਬਰ ਜਨਾਹ
ਗਵਾਂਢੀ ਨੇ ਧਮਕਾ ਕੇ ਨਾਬਾਲਿਗਾ ਨਾਲ ਕੀਤਾ ਬਲਾਤਕਾਰ
Publish Date: Tue, 24 Mar 2026 07:59 PM (IST)
Updated Date: Wed, 25 Mar 2026 04:11 AM (IST)

ਅੱਧੀ ਰਾਤ ਬਾਥਰੂਮ ਗਈ ਨਾਬਾਲਿਗਾ ਨਾਲ ਕੀਤੀ ਜ਼ਬਰਦਸਤੀ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਸਥਾਨਕ ਫੋਕਲ ਪੁਆਇੰਟ ਇਲਾਕੇ ਦੇ ਇੱਕ ਵਿਹੜੇ ’ਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਉਸ ਦੇ ਗੁਆਂਢੀ ਨੇ ਧਮਕਾ ਕੇ ਜਿਣਸੀ ਸ਼ੋਸ਼ਣ ਕੀਤਾ। ਮੁਲਜ਼ਮ ਨੇ ਨਾਬਾਲਿਗਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਬਾਥਰੂਮ ’ਚ ਹੀ ਜਬਰੀ ਸ਼ਰੀਰਕ ਸਬੰਧ ਬਣਾਏ ਤੇ ਮੌਕੇ ਤੋਂ ਨਿਕਲ ਗਿਆ। ਪਰਿਵਾਰ ਨੂੰ ਇਸ ਵਾਰਦਾਤ ਦਾ ਪਤਾ ਲੱਗਾ ਤਾਂ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਬਹਿਰਹਾਲ ਪੁਲਿਸ ਨੇ ਇਹ ਘਿਣਾਉਣੀ ਕਰਤੂਤ ਅੰਜਾਮ ਦੇਣ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਦੀ ਸ਼ਿਕਾਰ ਹੋਈ ਨਾਬਾਲਿਗ ਲੜਕੀ ਦੀ ਮਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪਤੀ, ਲੜਕੇ ਤੇ ਦੋਨਾਂ ਧੀਆਂ ਸਮੇਤ ਕਮਰੇ ’ਚ ਸੁੱਤੀ ਹੋਈ ਸੀ। ਰਾਤ ਵੇਲੇ ਉਸ ਦੀ ਸਭ ਤੋਂ ਛੋਟੀ ਲੜਕੀ ਅਚਾਨਕ ਰੋਂਦੀ ਰੋਂਦੀ ਅੰਦਰ ਆਈ, ਜਦ ਮਾਂ ਨੇ ਨਾਬਾਲਿਗਾ ਨੂੰ ਰੋਣ ਦਾ ਕਾਰਨ ਪੁੱਛਿਆ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਲੜਕੀ ਨੇ ਦੱਸਿਆ ਕਿ ਜਦ ਕਰੀਬ ਅੱਧੀ ਰਾਤ ਵੇਲੇ ਉਹ ਬਾਥਰੂਮ ਜਾਣ ਲਈ ਕਮਰੇ ’ਚੋਂ ਨਿਕਲੀ ਤਾਂ ਉਨ੍ਹਾਂ ਦੇ ਵਿਹੜੇ ’ਚ ਹੀ ਰਹਿਣ ਵਾਲਾ ਬਾਦਲ ਨਾਂ ਦਾ ਕਿਰਾਏਦਾਰ ਉਸ ਦੇ ਪਿੱਛੇ-ਪਿੱਛੇ ਬਾਥਰੂਮ ’ਚ ਆ ਗਿਆ ਤੇ ਉਸ ਨੂੰ ਧਮਕਾ ਕੇ ਧੱਕੇ ਨਾਲ ਜਬਰੀ ਸਰੀਰਕ ਸਬੰਧ ਬਣਾਏ। ਪੀੜਤਾ ਮੁਤਾਬਕ ਮੁਲਜ਼ਮ ਨੇ ਵਾਰਦਾਤ ਅੰਜਾਮ ਦੇਣ ਮਗਰੋਂ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ। ਪੀੜਿਤਾ ਨੇ ਆਪਣੀ ਮਾਂ ਨੂੰ ਹੱਡਬੀਤੀ ਸੁਣਾਈ ਤਾਂ ਉਕਤ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਮੰਗਲ ਦਾਸ ਮੁਤਾਬਕ ਪੜਤਾਲ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਤੇ ਪੋਸਕੋ ਐਕਟ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।