ਮਾਮੂਲੀ ਵਿਵਾਦ ਮਗਰੋਂ ਗੁਆਂਢੀ ਨੇ ਫੈਕਟਰੀ ਮਾਲਕ ਉਪਰ ਕੀਤਾ ਹਮਲਾ
ਮਾਮੂਲੀ ਵਿਵਾਦ ਮਗਰੋਂ ਗੁਆਂਢੀ ਨੇ ਫੈਕਟਰੀ ਮਾਲਕ ਉਪਰ ਕੀਤਾ ਹਮਲਾ
Publish Date: Wed, 01 Apr 2026 09:08 PM (IST)
Updated Date: Thu, 02 Apr 2026 04:14 AM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮੁਹੱਲੇ ’ਚ ਮਾਮੂਲੀ ਵਿਵਾਦ ਕਾਰਨ ਫੈਕਟਰੀ ਮਾਲਕ ਉਪਰ ਉਸ ਦੇ ਗੁਆਂਢੀ ਨੇ ਹਮਲਾ ਕਰ ਦਿੱਤਾ। ਸਥਾਨਕ ਦਸਮੇਸ਼ ਕਾਲੋਨੀ ਨੂਰਵਾਲਾ ਰੋਡ ਇਲਾਕੇ ’ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਥੇਵਾਲ ਪੁਲਿਸ ਨੇ ਚੰਡੀਗੜ੍ਹ ਰੋਡ ਵਾਸੀ ਫੈਕਟਰੀ ਮਾਲਕ ਸੁਨੀਲ ਕੁਮਾਰ ਦੇ ਬਿਆਨ ਉੱਪਰ ਉਨ੍ਹਾਂ ਦੇ ਗਆਂਢ ’ਚ ਰਹਿਣ ਵਾਲੇ ਜਗਦੀਸ਼ ਮਲਹੋਤਰਾ, ਸਰਵਣ ਮਲੋਤਰਾ, ਵਗੇਸ਼ ਮਲੋਤਰਾ ਤੇ ਉਨ੍ਹਾਂ ਦੇ ਕਰੀਬ ਅੱਧਾ ਦਰਜਨ ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ। ਸੁਨੀਲ ਕੁਮਾਰ ਮੁਤਾਬਕ ਉਹ ਦਸਮੇਸ਼ ਕਾਲੋਨੀ ਨੂਰਵਾਲਾ ਰੋਡ ਇਲਾਕੇ ’ਚ ਫੈਕਟਰੀ ਚਲਾਉਂਦੇ ਹਨ। ਵਾਰਦਾਤ ਵਾਲੇ ਦਿਨ ਉਨ੍ਹਾਂ ਦੇ ਗੁਆਂਢ ਵਿਚ ਹੌਜਰੀ ਫੈਕਟਰੀ ਚਲਾਉਣ ਵਾਲੇ ਉਕਤ ਮੁਲਜ਼ਮ ਫੈਕਟਰੀ ਕੋਲ ਕੰਧ ਦੀ ਉਸਾਰੀ ਕਰਵਾ ਰਹੇ ਸਨ। ਜਦੋਂ ਸ਼ਿਕਾਇਤਕਰਤਾ ਆਪਣੇ ਇਕ ਹੋਰ ਗੁਆਂਢੀ ਕਾਰੋਬਾਰੀ ਨਾਲ ਮਿਲ ਕੇ ਸਰਵਣ ਮਲਹੋਤਰਾ ਨੂੰ ਕੰਧ ਦੀ ਉਸਾਰੀ ਆਪਣੀ ਹੱਦ ’ਚ ਆਉਂਦੀ ਜ਼ਮੀਨ ਉੱਪਰ ਕਰਨ ਲਈ ਕਹਿਣ ਗਏ ਤਾਂ ਮੁਲਜ਼ਮ ਸਰਵਨ ਮਲੋਤਰਾ ਨੇ ਤੈਸ਼ ’ਚ ਆ ਕੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਉਸ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਨੇ ਸ਼ਿਕਾਇਤਕਰਤਾ ਨਾਲ ਹੱਥੋਪਾਈ ਕਰਦਿਆਂ ਚਪੇੜ ਮਾਰ ਦਿੱਤੀ। ਉਕਤ ਘਟਨਾ ਤੋਂ ਥੋੜੀ ਦੇਰ ਬਾਅਦ ਹੀ ਸਰਵਣ ਮਲਹੋਤਰਾ ਦਾ ਭਰਾ ਜਗਦੀਸ਼ ਮਲਹੋਤਰਾ ਤੇ ਵਗੇਸ਼ ਮਲਹੋਤਰਾ ਆਪਣੇ ਕਰੀਬ ਅੱਧਾ ਦਰਜਨ ਅਣਪਛਾਤੇ ਸਾਥੀਆਂ ਨਾਲ ਮੌਕੇ ’ਤੇ ਆਏ ਤੇ ਆਉਂਦੇ ਹੀ ਮੁਦਈ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਉਸ ਦੇ ਡਰਾਈਵਰ ਅਜੇ ਕੁਮਾਰ ਨੇ ਮੁਦਈ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਡਰਾਈਵਰ ਉੱਪਰ ਵੀ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਕੁੱਟਮਾਰ ਕਾਰਨ ਉਨ੍ਹਾਂ ਦੇ ਕੰਨਾਂ ’ਤੇ ਗੰਭੀਰ ਅਸਰ ਹੋਇਆ ਹੈ ਅਤੇ ਉਨ੍ਹਾਂ ਨੂੰ ਕੰਨਾਂ ਤੋਂ ਸੁਣਨਾ ਘੱਟ ਗਿਆ ਹੈ। ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਮੁਤਾਬਕ ਮੁਲਜ਼ਮਾਂ ਖਿਲਾਫ ਸੰਗੀਨ ਦੌਸ਼ਾ ਅਧੀਨ ਪਰਚਾ ਦਰਜ ਕਰਕੇ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।