ਮੇਰੀ ਯੋਗਤਾ ਮੇਰੀ ਪਹਿਚਾਣ ਮੁਹਿੰਮ ਤਹਿਤ ਪਿੰਡ ਮਾਣਕਵਾਲ ’ਚ ਲੱਗੀਆਂ ਨੇਮ ਪਲੇਟਾਂ

ਫੋਟੋ- 25
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ
ਲੁਧਿਆਣਾ : ਧੀਆਂ ਦੀ ਪੜ੍ਹਾਈ ਨੂੰ ਪ੍ਰੋਤਸਾਹਨ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ 'ਮੇਰੀ ਯੋਗਤਾ ਮੇਰੀ ਪਛਾਣ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਦੀ ਅਗਵਾਈ ’ਚ ਲੁਧਿਆਣਾ ਨਾਲ ਵਸੇ ਪਿੰਡ ਮਾਣਕਵਾਲ ਦੇ ਕਮਿਊਨਟੀ ਹਾਲ ਵਿਖੇ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੇ ਘਰਾਂ ਅੱਗੇ ਉਨ੍ਹਾਂ ਦੇ ਨਾਮ ਸਮੇਤ ਪ੍ਰਾਪਤ ਉੱਚ ਯੋਗਤਾ ਲਿਖ ਕੇ ਨੇਮ ਪਲੇਟਾਂ ਲਗਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਵੀ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਸਮਾਜ ਵਿੱਚ ਬੇਟੀਆਂ ਅਤੇ ਭੈਣਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ। ਜਿਆਦਾ ਪਰਿਵਾਰਾਂ ਵਿੱਚ ਬੇਟੀਆਂ ਨੂੰ ਆਪਣੇ ਭਰਾ ਦੇ ਮੁਕਾਬਲੇ ਪੜ੍ਹਾਈ ਕਰਕੇ ਅੱਗੇ ਵਧਣ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐਂਨੀਆਂ ਦਿੱਤਕਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਬੇਟੀਆਂ ਅਤੇ ਭੈਣਾਂ ਉੱਚ ਡਿਗਰੀਆਂ ਲੈਣ ਵਿੱਚ ਕਾਮਯਾਬ ਹੁੰਦੀਆਂ ਹਨ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਬੇਟੀਆਂ ਅਤੇ ਭੈਣਾਂ ਨੂੰ ਬਣਦਾ ਸਨਮਾਨ ਦੇਈਏ। ਇਸੇ ਲਈ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਜਲਦ ਅਸੀਂ ਇਸ ਪ੍ਰੋਗਰਾਮ ਨੂੰ ਪੂਰੇ ਜ਼ਿਲ੍ਹੇ ਵਿੱਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਇਸ ਪ੍ਰੋਗਰਾਮ ਦੀ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਬੇਟੀ ਅਤੇ ਭੈਣ ਜੇ ਚਾਹੇਗੀ ਕਿ ਉਸ ਦੇ ਘਰ ਅੱਗੇ ਉਸ ਦੀ ਨੇਮ ਪਲੇਟ ਤੇ ਉਸ ਦੀਆਂ ਡਿਗਰੀਆਂ ਨੂੰ ਲਿਖਿਆ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਦੇ ਘਰ ਅੱਗੇ ਉਸ ਦੀਆਂ ਪ੍ਰਾਪਤ ਕੀਤੀਆਂ ਡਿਗਰੀਆਂ ਦੀ ਨੇਮ ਪਲੇਟ ਬਣਾ ਕੇ ਲਗਵਾਏਗਾ।ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਸਾਡੀਆਂ ਹੋਰ ਬੇਟੀਆਂ ਅਤੇ ਭੈਣਾਂ ਵਿੱਚ ਵੀ ਉੱਚ ਯੋਗਤਾ ਲਈ ਉਤਸ਼ਾਹ ਵਧੇਗਾ। ਉਨ੍ਹਾਂ ਲੁਧਿਆਣਾ ਦੇ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਇਨ੍ਹਾਂ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ ਬੇਟੀਆਂ ਅਤੇ ਭੈਣਾਂ ਦੇ ਘਰਾਂ ਅੱਗੇ ਨੇਮ ਪਲੇਟਾਂ ਲਗਾਉਣ ਦੇ ਇਸ ਟੀਚੇ ਨੂੰ ਪੂਰਾ ਕਰ ਸਕੇਗਾ।
ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਔਰਤਾਂ ਨੂੰ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਵੱਧ ਤੋਂ ਵੱਧ ਮੌਕੇ ਦੇ ਕੇ ਸਮਰੱਥ ਬਣਾਉਣ ਲਈ ਠੋਸ ਯਤਨ ਕੀਤੇ ਹਨ। ਜਿਸ ਦੇ ਤਹਿਤ ਸਰਕਾਰ ਨੇ ਕਈ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਿਯੁਕਤ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਮਹਿਲਾ ਅਧਿਕਾਰੀਆਂ ਨੂੰ ਅਹਿਮ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਲ ਮਹਿਲਾਵਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਉੱਚ ਡਿਗਰੀਆਂ ਪ੍ਰਾਪਤ ਕਰਕੇ ਅਤੇ ਉੱਚ ਅਹੁਦਿਆਂ ਦੀ ਪ੍ਰਾਪਤੀ ਕਰਕੇ ਸਮਾਜ ਦੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਦੌਰਾਨ ਪਿੰਡ ਮਾਣਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਮਨੂੰ ਅਤੇ ਸਮੁੱਚੀ ਪੰਚਾਇਤ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਪਿੰਡ ਪਹੁੰਚਣ ਤੇ ਸਵਾਗਤ ਕੀਤਾ।
ਸਮਾਗਮ ਤੋਂ ਬਾਅਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਖੁਦ ਮੌਕੇ ਤੇ ਜਾਕੇ ਉੱਚ ਯੋਗਤਾ ਪ੍ਰਾਪਤ ਪਿੰਡ ਦੀਆਂ ਬੇਟੀਆਂ ਤੇ ਮਹਿਲਾਵਾਂ ਦੇ ਘਰਾਂ ਦੇ ਬਾਹਰ ਉਨ੍ਹਾਂ ਦੇ ਨਾਮ ਅਤੇ ਡਿਗਰੀਆਂ ਵਾਲੀਆਂ ਪਲੇਟਾਂ ਲਗਵਾਈਆਂ।
ਇਸ ਮੌਕੇ ਸੀਡੀਪੀਓ ਡੇਹਲੋਂ ਨਿਕਿਤਾ ਢੀਂਗਰਾ, ਸਰਪੰਚ ਮਨਪ੍ਰੀਤ ਸਿੰਘ ਮਨੂੰ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਮੈਂਬਰ ਲਖਵੀਰ ਕੌਰ, ਪੰਚਾਇਤ ਮੈਂਬਰ ਕਰਮਜੀਤ ਕੌਰ, ਪੰਚਾਇਤ ਮੈਂਬਰ ਰਮਨਦੀਪ ਕੌਰ, ਪੰਚਾਇਤ ਮੈਂਬਰ ਰੁਪਿੰਦਰ ਕੌਰ, ਪੰਚਾਇਤ ਮੈਂਬਰ ਪੂਜਾ ਤਨਵਰ, ਪੰਚਾਇਤ ਮੈਂਬਰ ਗੁਰਿੰਦਰ ਸਿੰਘ ਗੁਰੀ, ਪੰਚਾਇਤ ਮੈਂਬਰ ਗੁਰਮੀਤ ਸਿੰਘ, ਯੂਥ ਪ੍ਰਧਾਨ ਦਲਜੀਤ ਸਿੰਘ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪਿੰਡ ਵਾਸੀ ਹਾਜ਼ਰ ਸਨ।
- ਇਨ੍ਹਾਂ ਧੀਆਂ ਤੇ ਮਹਿਲਾਵਾਂ ਦੇ ਘਰਾਂ ਅੱਗੇ ਲੱਗੀਆਂ ਡਿਗਰੀਆਂ ਲਿਖੀਆਂ ਨੇਮ ਪਲੇਟਾਂ
'ਮੇਰੀ ਯੋਗਤਾ ਮੇਰੀ ਪਛਾਣ' ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਮਾਣਕਵਾਲ ਦੀਆਂ ਉੱਚ ਯੋਗਤਾ ਪ੍ਰਾਪਤ ਕਰਨ ਵਾਲੀਆਂ 11 ਮਹਿਲਾਵਾਂ ਦੇ ਘਰਾਂ ਅੱਗੇ ਉਨ੍ਹਾਂ ਦੇ ਨਾਮ ਸਮੇਤ ਪ੍ਰਾਪਤ ਉੱਚ ਯੋਗਤਾ ਦੀਆਂ ਨੇਮ ਪਲੇਟਾਂ ਲਗਾਈਆ ਗਈਆ। ਜਿਨ੍ਹਾਂ ਦੇ ਘਰਾਂ ਦੇ ਬਾਹਰ ਅੱਜ ਨੇਮ ਪਲੇਟਾਂ ਲਗਾਈਆਂ ਗਈਆਂ ਉਨ੍ਹਾਂ ਵਿੱਚ ਪਰਮਿੰਦਰ ਕੌਰ, ਮਨਪ੍ਰੀਤ ਕੌਰ, ਪਰਮਿੰਦਰ ਕੌਰ, ਸੁਖਵੀਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਕਿਰਨਦੀਪ ਕੌਰ, ਸਿਮਰਨਜੀਤ ਕੌਰ, ਪਲਵਿੰਦਰ ਕੌਰ, ਰਮਨਦੀਪ ਕੌਰ, ਲਖਬੀਰ ਕੌਰ ਸ਼ਾਮਿਲ ਹਨ।