ਉਸਤਾਦ ਦਲੀਪ ਸਿੰਘ ਦੀ ਯਾਦ 'ਚ ਸੰਗੀਤਕ ਸਮਾਗਮ ਕਰਵਾਇਆ
ਉਸਤਾਦ ਦਲੀਪ ਸਿੰਘ ਦੀ ਯਾਦ 'ਚ ਸੰਗੀਤਕ ਸਮਾਗਮ ਕਰਵਾਇਆ
Publish Date: Tue, 31 Mar 2026 06:00 PM (IST)
Updated Date: Tue, 31 Mar 2026 06:04 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪਰਮ ਸੰਤ ਬਾਬਾ ਸੁੱਚਾ ਸਿੰਘ ਮੁਖੀ ਜਵੱਦੀ ਟਕਸਾਲ ਵੱਲੋਂ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਲਏ ਗਏ ਸੰਕਲਪ ਦੀ ਪੂਰਤੀ ਲਈ ਸਹਿਯੋਗੀ ਸੇਵਾਵਾਂ ਨਿਭਾਉਣ ਵਾਲਿਆਂ ਚੋਂ ਇਕ ਸਨ ਉਸਤਾਦ ਦਲੀਪ ਸਿੰਘ ਜਿਨ੍ਹਾਂ ਬੌਧਿਕ ਚਰਿੱਤਰ ਤੇ ਬਹੁਪੱਖੀ ਗੁਣਾਂ ਦੇ ਬਲਬੂਤੇ ਸੇਵਾਵਾਂ ਨਿਭਾਈਆਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਨੇ ਉਸਤਾਦ ਦਲੀਪ ਸਿੰਘ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ, ਉਨ੍ਹਾਂ ਦੇ ਸ਼ਗਿਰਦਾਂ ਵੱਲੋਂ ਕਰਵਾਏ ਸੰਗੀਤਕ ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਸਤਾਦ ਦਲੀਪ ਸਿੰਘ ਗੁਰਸਿੱਖੀ ਗੁਣਾਂ ਨਾਲ ਓਤ-ਪੋਤ, ਵਿਦਿਆ ਪ੍ਰੇਮੀ, ਉੱਘੇ ਸੰਗੀਤ ਪ੍ਰੇਮੀ ਸਨ। ਉਹ ਡੂੰਘੇ ਧਾਰਮਿਕ ਸੰਸਕਾਰਾਂ ਵਾਲੇ ਸਨ। ਜਿਨ੍ਹਾਂ ਅੰਦਰ ਪ੍ਰਤਿਭਾਵਾਨ ਕਲਾ ਦੇ ਨਾਲ ਨਾਲ ਮਿਹਨਤ ਦਾ ਵੀ ਵੱਡਾ ਗੁਣ ਸੀ। ਉਨ੍ਹਾਂ ਦਾ ਜੀਵਨ ਬਿਰਤਾਂਤ, ਉਨ੍ਹਾਂ ਦੀ ਅਥਾਹ ਮਿਹਨਤ ਮੂੰਹ ਬੋਲਦੀ ਉਦਾਹਰਣ ਸੀ। ਪ੍ਰਸਿੱਧੀ ਤੇ ਪ੍ਰਵਾਨਗੀ ਤਾਂ ਭਾਵੇਂ ਪਹਿਲਾਂ ਹੀ ਹਾਸਲ ਕਰ ਲਈ ਸੀ ਪਰ ਉਹ ਹਰੇਕ ਪੇਸ਼ਕਾਰੀ ਦੇ ਅਨੁਭਵ ਤੇ ਤਜਰਬੇ ਤੋਂ ਸੇਧ ਲੈਂਦੇ ਸਨ। ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਨੇ ਤਬਲਾ ਸੋਲੋ ਦੀ ਪੇਸ਼ਕਾਰੀ, ਗਰੁੱਪ ਪੇਸ਼ਕਾਰੀ ਚ ਜਸਨਪ੍ਰੀਤ ਸਿੰਘ, ਅਸੀਸ ਕੁਮਾਰ ਅਤੇ ਸ਼ਿਵਮ ਮਥਵਾਨ ਆਦਿ ਤੋਂ ਇਲਾਵਾ ਅਨਿਕ ਬਾਰ ਸਿੰਘ ਤਬਲਾ ਵਾਦਨ ਅਕੈਡਮੀ ਜਦਕਿ ਕੀਰਤਨ ਦੀ ਹਾਜ਼ਰੀ ਭਾਈ ਈਸ਼ਵਰ ਸਿੰਘ ਲੁਧਿਆਣਾ ਵਿਦਿਆਰਥੀ ਜਵੱਦੀ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਨੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਪ੍ਰੋ: ਅਮਰਜੀਤ ਸਿੰਘ, ਕਲਾ ਅਕੈਡਮੀ, ਪ੍ਰਿੰਸੀਪਲ ਸਤਿੰਦਰ ਪਾਲ ਸਿੰਘ ਜਵੱਦੀ ਟਕਸਾਲ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਪੰਡਤ ਰਮਾਕਾਂਤ, ਉਸਤਾਦ ਅਮਰਜੀਤ ਸਿੰਘ, ਉਸਤਾਦ ਰਵਿੰਦਰ ਸਿੰਘ, ਪ੍ਰੋ: ਇਕਬਾਲ ਸਿੰਘ ਜਮਾਲਪੁਰ, ਅਨਿਕਬਾਰ ਸਿੰਘ, ਪਿਯੂਸ਼ ਮਿਸ਼ਰਾ, ਭਾਈ ਜਗਤਾਰ ਸਿੰਘ ਭਾਈ ਮੋਹਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।