- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਆਰਥਿਕ ਤੰਗੀ ’ਚ ਘਿਰੇ ਨਿਗਮ ਕਰਮਚਾਰੀ ਦੀ ਮੌਤ

-ਤਨਖਾਹ ਨਾ ਮਿਲਣ ’ਤੇ ਨਿਗਮ ਮੁਲਾਜ਼ਮ ਦੀ ਹੋਈ ਮੌਤ ਦਾ ਖ਼ਦਸ਼ਾ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਨੇੜੇ ਜਗਰਾਓਂ ਪੁਲ ਹੇਠੋਂ ਵੀਰਵਾਰ ਨੂੰ ਨਿਗਮ ਦੇ ਸੀਵਰਮੈਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ 38 ਸਾਲਾ ਰਮਨਦੀਪ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਮਾਮਲਾ ਖੁਦਕੁਸ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮ੍ਰਿਤਕ ਦੇ ਸਾਲੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਮਨਦੀਪ ਪਿਛਲੇ ਕਰੀਬ 6-7 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਘਰ ਦਾ ਰੋਜ਼ਾਨਾ ਖਰਚ ਚਲਾਉਣਾ ਵੀ ਮੁਸ਼ਕਲ ਹੋ ਗਿਆ ਸੀ। ਪਰਿਵਾਰ ਵੱਲੋਂ ਸ਼ਾਮ ਨੂੰ ਕੰਮ ਤੋਂ ਵਾਪਸ ਆਉਣ ’ਤੇ ਜਦੋਂ ਘਰ ਦਾ ਰਾਸ਼ਨ ਜਾਂ ਹੋਰ ਜ਼ਰੂਰੀ ਸਾਮਾਨ ਲਿਆਉਣ ਲਈ ਕਿਹਾ ਜਾਂਦਾ ਤਾਂ ਉਹ ਅਕਸਰ ਇਹੀ ਕਹਿੰਦਾ ਕਿ ਉਸ ਕੋਲ ਪੈਸੇ ਨਹੀਂ ਹਨ ਤੇ ਤਨਖਾਹ ਮਿਲਣ ਤੋਂ ਬਾਅਦ ਅਗਲੇ ਦਿਨ ਸਾਮਾਨ ਲਿਆ ਦੇਵੇਗਾ।
ਪਰਿਵਾਰਕ ਮੈਂਬਰਾਂ ਮੁਤਾਬਕ ਲਗਾਤਾਰ ਆਰਥਿਕ ਸੰਕਟ ਕਾਰਨ ਉਹ ਕਾਫ਼ੀ ਤਣਾਅ ’ਚ ਰਹਿਣ ਲੱਗ ਪਿਆ ਸੀ ਤੇ ਹੌਲੀ-ਹੌਲੀ ਡੂੰਘੀ ਮਾਨਸਿਕ ਪ੍ਰੇਸ਼ਾਨੀ ਵਿੱਚ ਚਲਾ ਗਿਆ। ਰਮਨਦੀਪ ਦਾ ਇਸੇ ਸਾਲ ਜਨਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਤੇ ਪਤਨੀ ਛੱਡ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਮਨਦੀਪ ਦੀ ਲਾਸ਼ ਜਗਰਾਓਂ ਪੁਲ ਹੇਠੋਂ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਦੌਰਾਨ ਸਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।